FacebookTwitterg+Mail

ਬ੍ਰਿਸਬੇਨ 'ਚ ਵਾਰਿਸ ਭਰਾਵਾਂ ਦੀ ਗਾਇਕੀ ਦਾ ਜਾਦੂ ਦਰਸ਼ਕਾਂ ਦੇ ਸਿਰ ਚੜ੍ਹ ਬੋਲਿਆ

waris brothers
31 August, 2017 08:54:41 AM

ਬ੍ਰਿਸਬੇਨ— ਆਸਟ੍ਰੇਲੀਆ ਦੇ ਵੱਖ-ਵੱਖ ਸ਼ਹਿਰਾਂ 'ਚ 'ਪੰਜਾਬੀ ਵਿਰਸਾ 2017' ਲੜੀ ਦੇ ਸਫਲ ਸ਼ੋਅਜ਼ ਦੇ ਝੰਡੇ ਗੱਡਣ ਉਪਰੰਤ ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ ਦੀ ਰੋਕਲੀ ਸ਼ੋਅ ਗਰਾਊਂਡ ਵਿਖੇ ਕਰਵਾਏ ਗਏ ਵਿਰਾਸਤੀ ਮੇਲੇ ਵਿਚ ਵਾਰਿਸ ਭਰਾਵਾਂ ਦੀ ਗਾਇਕੀ ਦਾ ਜਾਦੂ ਦਰਸ਼ਕਾਂ ਦੇ ਸਿਰ ਚੜ੍ਹ ਬੋਲਿਆ। ਇਸ ਮੇਲੇ ਦਾ ਆਯੋਜਨ ਵਿਰਾਸਤ ਇੰਟਰਟੇਨਮੈਂਟ ਦੇ ਹਰਜੀਤ ਭੁੱਲਰ ਤੇ ਮਨਜੀਤ ਭੁੱਲਰ ਵੱਲੋਂ ਕੀਤਾ ਗਿਆ। ਇਸ ਮੇਲੇ ਦੀ ਖਾਸੀਅਤ ਇਹ ਰਹੀ ਕਿ ਦਰਸ਼ਕ ਬਹੁਤ ਵੱਡੀ ਗਿਣਤੀ 'ਚ ਆਪਣੇ ਪਰਿਵਾਰਾਂ ਨਾਲ ਇਸ ਮੇਲੇ ਨੂੰ ਦੇਖਣ ਲਈ ਪਹੁੰਚੇ ਹੋਏ ਸਨ। ਇਸ ਦੌਰਾਨ ਦਰਸ਼ਕਾਂ ਨੇ ਵਾਰਿਸ ਭਰਾਵਾ ਦੀ ਗਾਇਕੀ ਦਾ ਭਰਪੂਰ ਆਨੰਦ ਮਾਣਿਆ। ਵਾਰਿਸ ਭਰਾਵਾਂ ਦੀ ਗਾਇਕੀ ਤੋਂ ਪਹਿਲਾਂ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੀ ਸਟੇਜ 'ਤੇ ਗਿੱਧੇ ਅਤੇ ਭੰਗੜੇ ਦੀਆਂ ਬਹੁਤ ਹੀ ਖੂਬਸੂਰਤ ਪੇਸ਼ਕਾਰੀਆਂ ਨੇ ਹਾਜ਼ਰ ਪੰਜਾਬੀਆਂ ਦਾ ਮਨ ਮੋਹ ਲਿਆ। ਸ਼ੋਅ ਦੀ ਸ਼ੁਰੂਆਤ ਮੌਕੇ ਪ੍ਰਸਿੱਧ ਗਾਇਕ ਮਨਮੋਹਨ ਵਾਰਿਸ, ਕਮਲ ਹੀਰ ਤੇ ਸੰਗਤਾਰ ਸਟੇਜ 'ਤੇ ਆਏ ਤਾਂ ਹਾਜ਼ਰੀਨ ਨੇ ਤਾੜੀਆਂ ਦਾ ਮੀਂਹ ਵਰ੍ਹਾ ਦਿੱਤਾ। ਪ੍ਰੋਗਰਾਮ ਦੀ ਸ਼ੁਰੂਆਤ 'ਚ ਤਿੰਨਾਂ ਭਰਾਵਾਂ ਨੇ ਮਹਾਨ ਸਿੱਖ ਜਰਨੈਲ ਸਰਦਾਰ ਹਰੀ ਸਿੰਘ ਨਲੂਆ ਦੀ ਬਹਾਦਰੀ ਨੂੰ ਦਰਸਾਉਂਦੀ ਗਾਥਾ ਪੇਸ਼ ਕੀਤੀ। ਇਸ ਤੋਂ ਬਾਅਦ ਹਰਫਨਮੌਲਾ ਕਲਾਕਾਰ ਸੰਗੀਤਕਾਰ, ਸ਼ਾਇਰ ਤੇ ਗਾਇਕ ਸੰਗਤਾਰ ਨੇ ਸ਼ੇਅਰੋ ਸ਼ਾਇਰੀ ਦੇ ਨਾਲ-ਨਾਲ ਇਕ ਗੀਤ ਗਾ ਕੇ ਆਪਣੀ ਹਾਜ਼ਰੀ ਲਗਵਾਈ। ਇਸ ਤੋਂ ਬਾਅਦ ਪ੍ਰਸਿੱਧ ਗਾਇਕ ਕਮਲ ਹੀਰ ਨੇ ਸਟੇਜ 'ਤੇ ਆਉਂਦਿਆਂ ਹੀ ਆਪਣੇ ਗੀਤ 'ਮੇਰਾ ਦਿਲ ਨਹੀਂ ਮੰਨਦਾ', 'ਜੱਟ ਪੂਰਾ ਦੇਸੀ ਸੀ', 'ਕੈਂਠੇ ਵਾਲਾ' ਸਮੇਤ ਬਹੁਤ ਸਾਰੇ ਨਵੇਂ-ਪੁਰਾਣੇ ਗੀਤ ਗਾ ਕੇ ਹਾਜ਼ਰ ਸਰੋਤਿਆਂ ਵਿਚ ਜੋਸ਼ ਭਰ ਦਿੱਤਾ। ਸ਼ੋਅ ਦੇ ਅਖੀਰ ਵਿਚ ਸਟੇਜ ਸੰਭਾਲੀ ਪੰਜਾਬੀ ਵਿਰਸੇ ਦੇ ਵਾਰਿਸ ਤੇ ਆਪਣੀ ਦਮਦਾਰ ਗਾਇਕੀ ਨਾਲ ਪਿਛਲੇ ਦੋ ਦਹਾਕਿਆਂ ਤੋਂ ਪੰਜਾਬੀਆਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਪ੍ਰਸਿੱਧ ਲੋਕ ਗਾਇਕ ਮਨਮੋਹਨ ਵਾਰਿਸ ਨੇ। ਉਨ੍ਹਾਂ ਸਭ ਤੋਂ ਪਹਿਲਾਂ 'ਮਾਂ ਬੁਲਾਉਂਦੀ ਆ' ਗਾਇਆ, ਉਸ ਤੋਂ ਬਾਅਦ 'ਮੈਨੂੰ ਮੇਰੇ ਘਰ ਦਾ ਬਨੇਰਾ ਚੇਤੇ ਆ ਗਿਆ', 'ਕਿਤੇ ਕੱਲੀ ਬਹਿ ਕੇ ਸੋਚੀ ਨੀ' ਸਮੇਤ ਆਪਣੇ ਨਵੇਂ ਤੇ ਪੁਰਾਣੇ ਗੀਤਾਂ ਦੀ ਪੇਸ਼ਕਾਰੀ ਨਾਲ ਦਰਸ਼ਕਾਂ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ। ਇਸ ਮੌਕੇ ਨਵਜੋਤ ਸਿੰਘ ਜਗਤਪੁਰ, ਫਤਿਹਜੀਤ ਸਿੰਘ ਤੇ ਪਲਾਜ਼ਮਾ ਰਿਕਾਰਡਜ਼ ਦੇ ਐੱਮ. ਡੀ. ਦੀਪਕ ਬਾਲੀ ਵਿਸ਼ੇਸ਼ ਰੂਪ ਵਿਚ ਹਾਜ਼ਰ ਸਨ।


Tags: BrisbanePunjabi Virsa 2017Manmohan Waris Kamal Heer Sangtarਪੰਜਾਬੀ ਵਿਰਸਾ 2017ਮਨਮੋਹਨ ਵਾਰਿਸ ਕਮਲ ਹੀਰ ਸੰਗਤਾਰ