FacebookTwitterg+Mail

ਸਿੱਖਿਆ ਪ੍ਰਣਾਲੀ 'ਤੇ ਤਕੜਾ ਵਿਅੰਗ ਕੱਸਦੀ ਹੈ 'ਵਾਏ ਚੀਟ ਇੰਡੀਆ'

why cheat india
18 January, 2019 01:51:51 PM

'ਸੀਰੀਅਲ ਕਿੱਸਰ' ਦੇ ਨਾਂ ਨਾਲ ਮਸ਼ਹੂਰ ਇਮਰਾਨ ਹਾਸ਼ਮੀ ਜਲਦੀ ਹੀ ਫਿਲਮ 'ਵਾਏ ਚੀਟ ਇੰਡੀਆ' ਵਿਚ ਨਜ਼ਰ ਆਉਣ ਵਾਲੇ ਹਨ। ਇਹ ਫਿਲਮ ਸਿੱਖਿਆ ਦੇ ਖੇਤਰ ਵਿਚ ਫੈਲੇ ਭ੍ਰਿਸ਼ਟਾਚਾਰ 'ਤੇ ਬਣੀ ਹੈ। ਫਿਲਮ ਵਿਚ ਇਮਰਾਨ ਨੈਗੇਟਿਵ ਭੂਮਿਕਾ ਵਿਚ ਹਨ, ਜੋ ਪੈਸੇ ਲੈ ਕੇ ਪੇਪਰਾਂ ਵਿਚ ਅਮੀਰ ਵਿਦਿਆਰਥੀਆਂ ਨੂੰ ਪਾਸ ਕਰਾਉਣ ਲਈ ਉਨ੍ਹਾਂ ਦੀ ਜਗ੍ਹਾ ਹੁਸ਼ਿਆਰ ਵਿਦਿਆਰਥੀਆਂ ਨੂੰ ਪੇਪਰ ਦੇਣ ਲਈ ਭੇਜਦਾ ਹੈ। ਫਿਲਮ ਦਾ ਨਿਰਦੇਸ਼ਕ ਸ਼ੌਮਿਕ ਸੇਨ ਨੇ ਕੀਤਾ ਹੈ। ਫਿਲਮ ਵਿਚ ਸ਼੍ਰੇਆ ਧਨਵੰਤਰੀ ਬਾਲੀਵੁੱਡ ਵਿਚ ਡੈਬਿਊ ਕਰ ਰਹੀ ਹੈ। 18 ਜਨਵਰੀ ਨੂੰ ਰਿਲੀਜ਼ ਹੋਣ ਵਾਲੀ ਇਸ ਫਿਲਮ ਦੇ ਪ੍ਰਮੋਸ਼ਨ ਲਈ ਦਿੱਲੀ ਸਟੂਡੀਓ ਪਹੁੰਚੇ ਇਮਰਾਨ ਤੇ ਸ਼੍ਰੇਆ ਨੇ ਜਗ ਬਾਣੀ/ਨਵੋਦਿਆ ਟਾਈਮਜ਼/ਪੰਜਾਬ ਕੇਸਰੀ/ਹਿੰਦ ਸਮਾਚਾਰ ਨਾਲ ਗੱਲਬਾਤ ਕੀਤੀ।

ਸਾਡੇ ਸਿੱਖਿਆ ਢਾਂਚੇ ਨੂੰ ਸ਼ੀਸ਼ਾ ਦਿਖਾਉਂਦੀ ਹੈ ਇਹ ਫਿਲਮ 
ਇਹ ਫਿਲਮ ਸਾਡੇ ਦੇਸ਼ ਦੀ ਸਿੱਖਿਆ ਦੇ ਖੇਤਰ ਵਿਚ ਆਈ ਗਿਰਾਵਟ ਨੂੰ ਪੇਸ਼ ਕਰਦੀ ਹੈ। ਲੋਕ ਸ਼ਾਇਦ ਇਸ ਚੀਜ਼ ਤੋਂ ਜਾਣੂ ਨਹੀਂ ਹਨ ਕਿ ਸਾਡਾ ਐਜੂਕੇਸ਼ਨ ਸਿਸਟਮ ਕਿੰਨਾ ਖੋਖਲਾ ਹੈ। ਮੈਂ ਇਸ ਵਿਚ ਰਾਕੇਸ਼ ਸਿੰਘ ਦਾ ਕਿਰਦਾਰ ਨਿਭਾਇਆ ਹੈ, ਜੋ ਪੈਸੇ ਲੈ ਕੇ ਅਮੀਰ ਵਿਦਿਆਰਥੀਆਂ ਦੀ ਜਗ੍ਹਾ ਹੁਸ਼ਿਆਰ ਵਿਦਿਆਰਥੀਆਂ ਤੋਂ ਪੇਪਰ ਦਿਵਾਉਂਦਾ ਹੈ। ਇਹ ਬਹੁਤ ਘੱਟ ਲੋਕ ਜਾਣਦੇ ਹਨ ਕਿ ਸਾਡੇ ਐਜੂਕੇਸ਼ਨ ਸਿਸਟਮ ਦੇ ਪਿੱਛੇ ਬਹੁਤ ਵੱਡਾ ਮਾਫੀਆ ਚਲਦਾ ਹੈ।

ਨਕਲ ਲਈ ਵੀ ਅਕਲ ਦੀ ਜ਼ਰੂਰਤ
ਇਹ ਫਿਲਮ ਨਕਲ ਨੂੰ ਪ੍ਰਮੋਟ ਨਹੀਂ ਕਰਦੀ ਅਤੇ ਨਕਲ ਵਿਚ ਵੀ ਅਕਲ ਵਰਗੀ ਟੈਗ ਲਾਈਨ ਸਾਡੀ ਸੋਚ ਨਹੀਂ ਸਗੋਂ ਰਾਕੇਸ਼ ਦੀ ਸੋਚ ਹੈ। ਰਾਕੇਸ਼ ਚੀਟਿੰਗ ਮਾਫੀਆ ਦਾ ਡੌਨ ਹੈ। ਸਾਡੇ ਸਿੱਖਿਆ ਢਾਂਚੇ ਵਿਚ ਸ਼ੁਰੂ ਤੋਂ ਰੱਟਾ ਮਾਰਨਾ ਖਾਇਆ ਜਾਂਦਾ ਹੈ, ਜੋ ਬਹੁਤ ਗਲਤ ਹੈ। ਇਸ ਵਿਚ ਤਬਦੀਲੀ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਚੀਟਿੰਗ ਮਾਫੀਆ ਹਰ ਸੂਬੇ ਵਿਚ ਮੌਜੂਦ ਹੈ। ਇਹ ਨਾਲਾਇਕ ਵਿਦਿਆਰਥੀਆਂ ਨੂੰ ਸੀਟ ਦਿਵਾਉਂਦੇ ਹਨ ਅਤੇ ਉਹ ਵਿਦਿਆਰਥੀ ਅੱਗੇ ਜਾ ਕੇ ਡਾਕਟਰ ਜਾਂ ਇੰਜੀਨੀਅਰ ਬਣਦੇ ਹਨ। ਕਾਬਲ ਬੱਚੇ ਪਿੱਛੇ ਰਹਿ ਜਾਂਦੇ ਹਨ। ਸਾਡੇ ਇਥੇ ਬੱਚਿਆਂ ਦੇ ਮਨ ਵਿਚ ਸਿਰਫ ਇਕ ਗੱਲ ਪਾਈ ਜਾਂਦੀ ਹੈ ਕਿ ਕਿਸੇ ਤਰ੍ਹਾਂ ਵੀ ਚੰਗੇ ਨੰਬਰ ਲਏ ਜਾਣ, ਕਿਉਂਕਿ ਅੱਗੇ ਚੱਲ ਕੇ ਨੌਕਰੀ ਕਰਨੀ ਹੈ।

ਮੈਨੂੰ ਨਹੀਂ ਪਤਾ ਸੀ ਚੀਟਿੰਗ ਮਾਫੀਆ ਬਾਰੇ
ਮੇਰੇ ਕੋਲ ਫਿਲਮ ਦੀ ਕਹਾਣੀ ਸਕ੍ਰਿਪਟ ਦੇ ਫਾਰਮੈਟ ਵਿਚ ਆਈ ਸੀ। ਮੈਂ ਨਹੀਂ ਜਾਣਦਾ ਸੀ ਕਿ ਚੀਟਿੰਗ ਮਾਫੀਆ ਵੀ ਹੁੰਦਾ ਹੈ। ਮੈਨੂੰ ਇਹ ਤਾਂ ਪਤਾ ਸੀ ਕਿ ਪੇਪਰ ਲੀਕ ਹੁੰਦੇ ਹਨ ਅਤੇ ਕਿਵੇਂ ਕੰਮ ਕਰਦਾ ਹੈ ਚੀਟਿੰਗ ਮਾਫੀਆ, ਇਹ ਪਤਾ ਨਹੀਂ ਸੀ। ਜਦੋਂ ਮੈਂ ਰਿਸਰਚ ਕੀਤੀ ਤਾਂ ਪਤਾ ਲੱਗਾ ਕਿ ਇਹ ਬਹੁਤ ਵੱਡਾ ਬਿਜ਼ਨੈੱਸ ਹੈ। ਤੁਸੀਂ ਖੁਦ ਸੋਚ ਕੇ ਦੇਖੋ ਕਿ ਸਾਡਾ ਸਿੱਖਿਆ ਢਾਂਚਾ ਕਿੰਨਾ ਖਰਾਬ ਹੈ। 50 ਫੀਸਦੀ ਸੀਟਾਂ ਤਾਂ ਪਹਿਲਾਂ ਹੀ ਕੋਟੇ ਵਿਚ ਸਨ, ਹੁਣ 10 ਫੀਸਦੀ ਹੋਰ ਹੋਣ ਜਾ ਰਹੀਆਂ ਹਨ। ਮਤਲਬ ਕਿ ਬਚੀਆਂ ਸਿਰਫ 40 ਫੀਸਦੀ। ਹੁਣ ਇਸ 40 ਫੀਸਦੀ ਵਿਚ ਕਿੰਨੇ ਵਿਦਿਆਰਥੀ ਨਕਲ ਵਾਲੇ ਹਨ ਤੇ ਕਿੰਨੇ ਡਿਗਰੀ ਵਾਲੇ, ਇਹ ਕਿਸੇ ਨੂੰ ਨਹੀਂ ਪਤਾ। ਬਸ ਇਸ ਚੱਕਰ ਵਿਚ ਡਿਗਰੀ ਵਾਲੇ ਬਹੁਤੇ ਵਿਦਿਆਰਥੀ ਬੇਰੁਜ਼ਗਾਰ ਹੀ ਰਹਿ ਜਾਂਦੇ ਹਨ।

ਇਗਜ਼ਾਮੀਨੇਸ਼ਨ ਸਿਸਟਮ ਬੰਦ ਹੋਣਾ ਚਾਹੀਦਾ ਹੈ
ਇਮਰਾਨ ਨੇ ਇਹ ਵੀ ਕਿਹਾ ਕਿ ਮੈਨੂੰ ਤਾਂ ਹੈਰਾਨੀ ਹੁੰਦੀ ਹੈ ਆਪਣੇ ਦੇਸ਼ ਦੇ ਸਿੱਖਿਆ ਢਾਂਚੇ ਨੂੰ ਦੇਖ ਕੇ। ਆਈ. ਆਈ. ਟੀ. ਦੇ ਬੱਚੇ ਦੇਖੋ, ਕਿਵੇਂ 18 ਘੰਟੇ ਪੜ੍ਹਦੇ ਹਨ। ਟੀ. ਵੀ. ਜਾਂ ਸਿਨੇਮਾ ਤੋਂ ਤਾਂ ਉਹ ਦੂਰ ਹੀ ਰਹਿੰਦੇ ਹਨ। ਇਹ ਕਿਹੋ ਜਿਹੀ ਜ਼ਿੰਦਗੀ ਹੈ ਉਨ੍ਹਾਂ ਦੀ ਜਦੋਂ ਅਸੀਂ ਸਕੂਲ ਵਿਚ ਹੁੰਦੇ ਹਾਂ ਤਾਂ ਸਾਨੂੰ ਪਤਾ ਹੀ ਨਹੀਂ ਹੁੰਦਾ ਕਿ ਅਸੀਂ ਅੱਗੇ ਜਾ ਕੇ ਕੀ ਕਰਾਂਗੇ। ਇਹ ਸਾਡਾ ਸਕੂਲ ਅਤੇ ਟੀਚਰ ਸਾਨੂੰ ਕਲੀਅਰ ਹੀ ਨਹੀਂ ਕਰਦਾ। ਮੇਰੇ ਹਿਸਾਬ ਨਾਲ ਇਗਜ਼ਾਮੀਨੇਸ਼ਨ ਸਿਸਟਮ ਹੀ ਬੰਦ ਕਰ ਦੇਣਾ ਚਾਹੀਦਾ ਹੈ। ਲਰਨਿੰਗ ਦੇ ਅਨੁਸਾਰ ਚੋਣ ਹੋਣੀ ਚਾਹੀਦੀ ਹੈ।

'ਸੀਰੀਅਲ ਕਿੱਸਰ' ਦੇ ਟੈਗ ਤੋਂ ਹੋ ਗਿਆ ਹਾਂ ਪ੍ਰੇਸ਼ਾਨ
ਮੈਂ 17 ਸਾਲ ਤੋਂ 'ਸੀਰੀਅਲ ਕਿੱਸਰ'  ਦਾ ਟੈਗ ਲੈ ਕੇ ਘੁੰਮ ਰਿਹਾ ਹਾਂ। ਚਾਹੁੰਦਾ ਹੋਇਆ ਵੀ ਇਸ ਤੋਂ ਬਾਹਰ ਨਹੀਂ ਨਿਕਲ ਸਕਦਾ। ਇਮਰਾਨ ਹਾਸ਼ਮੀ ਦਾ ਨਾਂ ਆਉਂਦੇ ਹੀ ਲੋਕ ਇਕ ਹੀ ਚੀਜ਼ ਸੋਚਣ ਲੱਗਦੇ ਹਨ। ਮੈਂ ਦੱਸਣਾ ਚਾਹਾਂਗਾ ਕਿ ਮੇਰੀ ਇਹ ਫਿਲਮ ਪੂਰੀ ਤਰ੍ਹਾਂ ਪਰਿਵਾਰ ਵਿਚ ਬੈਠ ਕੇ ਦੇਖਣ ਵਾਲੀ ਹੈ। ਤੁਸੀਂ ਇਸ ਨੂੰ ਦਸਤਾਂ ਜਾਂ ਟੀਚਰ ਆਦਿ ਨਾਲ ਬੈਠ ਕੇ ਦੇਖ ਸਕਦੇ ਹੋ।

3 ਮਹੀਨਿਆਂ ਤਕ ਦਿੱਤੇ ਆਡੀਸ਼ਨ : ਸ਼੍ਰੇਆ ਧਨਵੰਤਰੀ
3 ਮਹੀਨਿਆਂ ਦੀ ਮਿਹਨਤ ਤੋਂ ਬਾਅਦ ਮੈਨੂੰ ਇਹ ਫਿਲਮ ਮਿਲੀ। ਮੈਂ 3 ਮਹੀਨਿਆਂ ਤਕ ਵੱਖ-ਵੱਖ ਤਰ੍ਹਾਂ ਦੇ ਆਡੀਸ਼ਨ ਦਿੱਤੇ ਫਿਰ ਜਾ ਕੇ ਡਾਇਰੈਕਟਰ ਅਤੇ ਪ੍ਰੋਡਿਊਸਰ ਨੂੰ ਮੇਰਾ ਚਿਹਰਾ ਤੇ ਕੰਮ ਪਸੰਦ ਆਇਆ। ਇਸ ਫਿਲਮ ਨਾਲ ਜੁੜਨ ਦਾ ਮੌਕਾ ਮਿਲਣਾ ਮੇਰੇ ਲਈ ਵੱਡੀ ਗੱਲ ਹੈ।

ਆਰਟਸ ਸਟੂਡੈਂਟ ਦਾ ਕਿਰਦਾਰ
ਇਸ ਫਿਲਮ ਵਿਚ ਮੈਂ ਬਹੁਤ ਸਾਧਾਰਨ ਜਿਹੀ ਕੁੜੀ ਨੂਪੁਰ ਦਾ ਕਿਰਦਾਰ ਨਿਭਾਇਆ ਹੈ। ਉਹ ਲਖਨਊ ਵਿਚ ਰਹਿੰਦੀ ਹੈ ਅਤੇ ਮਿਡਲ ਕਲਾਸ ਫੈਮਿਲੀ ਨਾਲ ਸਬੰਧ ਰੱਖਦੀ ਹੈ ਅਤੇ ਆਰਟਸ ਕਾਲਜ ਵਿਚ ਪੜ੍ਹਦੀ ਹੈ। ਜਦੋਂ ਨੂਪੁਰ ਇਮਰਾਨ ਨੂੰ ਮਿਲਦੀ ਹੈ ਤਾਂ ਇਕ ਨਵਾਂ ਰਿਸ਼ਤਾ ਬਣਦਾ ਹੈ। ਇਹ ਰਿਸ਼ਤਾ ਉਸ ਦੇ ਚੀਟਿੰਗ ਦੇ ਬਿਜ਼ਨੈਸ ਤੋਂ ਵੱਖਰਾ ਹੈ।

ਪੜ੍ਹਾਈ 'ਚ ਕੋਈ ਅੱਪਡੇਟ ਨਹੀਂ
ਸ਼੍ਰੇਆ ਅਨੁਸਾਰ ਸਾਡੇ ਸਿੱਖਿਆ ਢਾਂਚੇ ਨੂੰ ਥੋੜ੍ਹਾ ਪ੍ਰੈਕਟੀਕਲ ਹੋਣਾ ਚਾਹੀਦਾ ਹੈ ਜਿਸ ਨਾਲ ਇਸ ਵਿਚ ਕਾਫੀ ਅਪਡੇਸ਼ਨ ਹੋ ਸਕਦੀ ਹੈ। ਮੈਂ ਖੁਦ ਇੰਜੀਨੀਅਰਿੰਗ ਦੀ ਸਟੂਡੈਂਟ ਸੀ। ਉਸ ਸਮੇਂ ਸਾਨੂੰ ਜੋ ਪੜ੍ਹਾਇਆ ਗਿਆ ਸੀ ਉਸ ਵਿਚ ਹੁਣ ਕਾਫੀ ਤਬਦੀਲੀ ਆ ਚੁੱਕੀ ਹੈ ਪਰ ਅੱਜ ਵੀ ਉਹੀ ਪੁਰਾਣਾ ਪੜ੍ਹਾਇਆ ਜਾਂਦਾ ਹੈ, ਇਸ ਲਈ ਇਸ ਨੂੰ ਅਪਡੇਟ ਕਰਨਾ ਜ਼ਰੂਰੀ ਹੈ।


Tags: Why Cheat India Emraan Hashmi Shreya Dhanwanthary Soumik Sen Bhushan Kumar Krishan Kumar Tanuj Garg Atul Kasbekar Parveen Hashmi

Edited By

Sunita

Sunita is News Editor at Jagbani.