FacebookTwitterg+Mail

ਵਰਲਡ ਵਾਈਡ ਸਕੋਪ ਵੈੱਲਫੇਅਰ ਸੁਸਾਇਟੀ ਯੂ. ਕੇ. ਵਲੋਂ ਕੀਤੇ ਜਾ ਰਹੇ ਹਨ ਸ਼ਲਾਘਾਯੋਗ ਕੰਮ : ਕਮਲ ਹੀਰ

world wide scope welfare society kamal heer
17 December, 2018 07:52:13 PM

ਜਲੰਧਰ (ਬਿਊਰੋ) : ਪੰਜਾਬ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਵਰਲਡ ਵਾਈਡ ਸਕੋਪ ਵੈੱਲਫੇਅਰ ਸੁਸਾਇਟੀ ਵਲੋਂ ਬ੍ਰਹਮ ਗਿਆਨੀ 108 ਸੰਤ ਬਾਬਾ ਮੋਨੀ ਜੀ ਮਹਾਰਾਜ ਜੀ ਦੇ ਆਸ਼ੀਰਵਾਦ ਸਦਕਾ ਸਾਬਕਾ ਮੁੱਖ ਮੰਤਰੀ ਪੰਜਾਬ ਸਵ. ਦਰਬਾਰਾ ਸਿੰਘ ਜੌਹਲ ਦੇ ਪਰਿਵਾਰ ਤੇ ਸੰਸਥਾ ਦੇ ਸਰਪ੍ਰਸਤ ਸਤਨਾਮ ਸਿੰਘ ਬਾਹੜਾ ਤੇ ਪਿੰਦੂ ਜੌਹਲ ਦੀ ਦੇਖ-ਰੇਖ ਹੇਠ ਹਰ ਸਾਲ ਕੀਤੇ ਜਾਂਦੇ ਸਮਾਜ ਭਲਾਈ ਦੇ ਕੰਮਾਂ ਦੇ ਉਪਰਾਲੇ ਦੀ ਲੜੀ ਨੂੰ ਅੱਗੇ ਤੌਰਦਿਆਂ ਵਰਲਡ ਵਾਈਡ ਸਕੋਪ ਵੈੱਲਫੇਅਰ ਸੁਸਾਇਟੀ ਯੂ. ਕੇ. ਦੀ ਪਿੰਡ ਘੁੜਕਾ ਜੌਹਲ ਫਾਰਮ ਵਿਖੇ ਚੇਅਰਮੈਨ ਹਰਦੀਪ ਸਿੰਘ ਤੱਗੜ ਦੀ ਅਗਵਾਈ 'ਚ ਅਹਿਮ ਮੀਟਿੰਗ ਹੋਈ। ਇਸ 'ਚ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਮਸ਼ਹੂਰ ਗਾਇਕ ਕਮਲ ਹੀਰ ਵਿਸ਼ੇਸ਼ ਤੌਰ 'ਤੇ ਪਹੁੰਚੇ ਤੇ ਸੰਸਥਾ ਵਲੋਂ ਇਸ ਸਾਲ ਕਰਵਾਏ ਜਾ ਰਹੇ ਸਮਾਜ ਭਲਾਈ ਦੇ ਕੰਮਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ।

ਇਸ ਮੌਕੇ ਕਮਲ ਹੀਰ ਨੇ ਗੱਲਬਾਤ ਦੌਰਾਨ ਕਿਹਾ ਕਿ ਵਰਲਡ ਵਾਈਡ ਸਕੋਪ ਵੈੱਲਫੇਅਰ ਸੁਸਾਇਟੀ ਯੂ. ਕੇ. ਇਕ ਅਜਿਹੀ ਸੰਸਥਾ ਹੈ, ਜੋ ਸਮਾਜ ਭਲਾਈ ਦੇ ਕੰੰਮਾਂ 'ਚ ਹਮੇਸ਼ਾ ਵੱਧ-ਚੜ੍ਹ ਕੇ ਹਿੱਸਾ ਪਾਉਂਦੀ ਹੈ। ਉਨ੍ਹਾਂ ਕਿਹਾ ਕਿ ਸੰਸਥਾ ਵਲੋਂ ਇਕੱਲੇ ਪੰਜਾਬ 'ਚ ਹੀ ਨਹੀਂ, ਸਗੋਂ ਵਿਦੇਸ਼ਾਂ 'ਚ ਵੀ ਸਮਾਜ ਭਲਾਈ ਦੇ ਕੰਮਾਂ 'ਚ ਹਿੱਸਾ ਪਾਉਂਦੀ ਹੈ ਤੇ ਧਰਮ ਨਿਰਪੱਖ ਹੋ ਕੇ ਹਰ ਇਨਸਾਨ ਦੀ ਮਦਦ ਕਰਦੀ ਹੈ। ਕਮਲ ਹੀਰ ਨੇ ਕਿਹਾ ਕਿ ਪਿੰਦੂ ਜੌਹਲ ਤੇ ਸਤਨਾਮ ਸਿੰਘ ਬਾਹੜਾ ਜੋ ਇਸ ਸੰਸਥਾ ਦੀ ਰੀੜ੍ਹ ਦੀ ਹੱਡੀ ਹਨ ਤੇ ਇੰਗਲੈਂਡ 'ਚ ਰਹਿੰਦੇ ਹੋਏ ਵੀ ਉਹ ਆਪਣੀ ਮਾਤ ਭੂਮੀ ਲਈ ਅਜਿਹੇ ਸ਼ਲਾਘਾਯੋਗ ਕੰਮ ਕਰ ਰਹੇ ਹਨ। ਉਨ੍ਹਾਂ ਸੰਸਥਾ ਦੇ ਚੇਅਰਮੈਨ ਹਰਦੀਪ ਸਿੰਘ ਤੱਗੜ ਦੀ ਵੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਵੀ ਇਸ ਸੰਸਥਾ ਨੂੰ ਬਹੁਤ ਸਹਿਯੋਗ ਹੈ ਤੇ ਕਮਲ ਹੀਰ ਨੇ ਆਪਣੇ ਵੱਡੇ ਭਰਾ ਮਨਮੋਹਨ ਵਾਰਿਸ, ਸੰਗਤਾਰ ਤੇ ਆਪਣੇ ਵਲੋਂ ਇਸ ਸੰਸਥਾ 'ਚ ਸਹਿਯੋਗ ਦੇਣ ਲਈ ਮਾਣ ਵਾਲੀ ਗੱਲ ਦੱਸਿਆ।

ਇਸ ਮੌਕੇ ਸੰਸਥਾ ਦੇ ਚੇਅਰਮੈਨ ਹਰਦੀਪ ਸਿੰਘ ਤੱਗੜ ਨੇ ਕਮਲ ਹੀਰ ਦਾ ਆਪਣੇ ਰੁਝੇਵਿਆਂ ਭਰੇ ਪਲਾਂ 'ਚੋਂ ਸਮਾਂ ਕੱਢ ਕੇ ਜੌਹਲ ਫਾਰਮ ਘੁੜਕਾ ਪਹੁੰਚਣ 'ਤੇ ਦਿਲੋਂ ਧੰਨਵਾਦ ਕੀਤਾ ਤੇ ਇਸ ਸਾਲ ਸੰਸਥਾ ਵਲੋਂ ਕਰਵਾਏ ਜਾ ਰਹੇ ਸਮਾਜ ਭਲਾਈ ਦੇ ਕੰਮਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ 3 ਜਨਵਰੀ ਨੂੰ ਪਿੰਡ ਭਾਣੋਕੀ ਵਿਖੇ ਅੱਖਾਂ ਦਾ ਕੈਂਪ ਤੇ 4 ਜਨਵਰੀ ਨੂੰ ਪਿੰਡ ਘੁੜਕਾ ਵਿਖੇ ਅੱਖਾਂ ਦਾ ਫ੍ਰੀ ਮੈਡੀਕਲ ਕੈਂਪ, 5 ਜਨਵਰੀ ਨੂੰ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਪਾਠ ਰੱਖੇ ਜਾਣਗੇ, 6 ਜਨਵਰੀ ਨੂੰ ਪਿੰਡ ਘੁੜਕ ਵਿਖੇ ਖੂਨਦਾਨ ਕੈਂਪ, 7 ਜਨਵਰੀ ਨੂੰ ਜ਼ਰੂਰਤਮੰਦ ਲੜਕੀਆਂ ਦੇ ਆਨੰਦ ਕਾਰਜ ਤੇ 8 ਜਨਵਰੀ ਨੂੰ 521 ਨਵਜੰਮੀਆਂ ਲੜਕੀਆਂ ਦੀ ਲੋਹੜੀ ਪਾਈ ਜਾਵੇਗੀ। ਅਖੀਰ 'ਚ ਉਨ੍ਹਾਂ ਨੇ ਸਮੂਹ ਇਲਾਕਾ ਨਿਵਾਸੀਆਂ ਨੂੰ ਇਸ ਪ੍ਰੋਗਰਾਮ 'ਚ ਪਹੁੰਚ ਕੇ ਇਸ ਸਮਾਜ ਸੇਵੀ ਕੰਮਾਂ 'ਚ ਸਹਿਯੋਗ ਦੇ ਕੇ ਨੇਪਰੇ ਚਾੜ੍ਹਨ ਦੀ ਅਪੀਲ ਕੀਤੀ। ਇਸ ਮੌਕੇ ਤਰਲੋਚਨ ਸਿੰਘ ਜੌਹਲ, ਬੱਬੀ ਜੌਹਲ, ਸੁੱਖਾ ਬਾਹੋਵਾਲ ਤੇ ਪਿੰਡ ਵਾਸੀ ਹਾਜ਼ਰ ਸਨ।


Tags: World Wide Scope Welfare Society Kamal Heer Punjabi Singer Social Worker

Edited By

Rahul Singh

Rahul Singh is News Editor at Jagbani.