FacebookTwitterg+Mail

ਫਿਲਮ ‘ਇਸ਼ਕ’ ਨੂੰ ਲੈ ਕੇ ਗਰਮਾਇਆ ਮੁੱਦਾ, ਭਾਈ ਲੌਂਗੋਵਾਲ ਨੇ ਪੁਲਸ ਕਮਿਸ਼ਨਰ ਨੂੰ ਲਿਖੀ ਚਿੱਠੀ

written complaint against harmandir sahib photo in ishq my religion movie poster
29 August, 2019 10:07:22 AM

ਅੰਮ੍ਰਿਤਸਰ (ਦੀਪਕ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਆ ਰਹੀ ਇਕ ਫਿਲਮ ‘ਇਸ਼ਕ’ ਦੇ ਅਸ਼ਲੀਲ ਪੋਸਟਰ ’ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੀ ਤਸਵੀਰ ਛਾਪਣ ਦਾ ਸਖਤ ਨੋਟਿਸ ਲਿਆ ਹੈ। ਭਾਈ ਲੌਂਗੋਵਾਲ ਦੇ ਹੁਕਮਾਂ ’ਤੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਮਨਜੀਤ ਸਿੰਘ ਬਾਠ ਨੇ ਸਬੰਧਤ ਫਿਲਮ ਦੇ ਪ੍ਰੋਡਿਊਸਰ ਖਿਲਾਫ ਕਾਰਵਾਈ ਕਰਨ ਲਈ ਅੰਮ੍ਰਿਤਸਰ ਦੇ ਪੁਲਸ ਕਮਿਸ਼ਨਰ ਨੂੰ ਪੱਤਰ ਲਿਖਿਆ ਹੈ। 
ਦੱਸਣਯੋਗ ਹੈ ਕਿ ਗੁਰਦੀਪ ਸਿੰਘ ਢਿੱਲੋਂ ਨਾਂ ਦੇ ਪ੍ਰੋਡਿਊਸਰ ਵੱਲੋਂ ਆਪਣੇ ਹੋਮ ਪ੍ਰੋਡਕਸ਼ਨ ਰਾਹੀਂ ਬਣਾਈ ਗਈ ਫਿਲਮ ‘ਇਸ਼ਕ ਮਾਈ ਰਿਲੀਜੀਅਨ’ ਦਾ ਇਕ ਪੋਸਟਰ ਸਾਹਮਣੇ ਆਇਆ ਹੈ, ਜਿਸ ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਛਾਪੀ ਗਈ ਹੈ।

ਇਸ ਪੋਸਟਰ ’ਚ ਫਿਲਮੀ ਕਲਾਕਾਰਾਂ ਦਾ ਅੰਦਾਜ਼ ਅਸ਼ਲੀਲਤਾ ਵਾਲਾ ਹੈ, ਜਿਸ ਨਾਲ ਸਿੱਖ ਸੰਗਤ ’ਚ ਰੋਸ ਦੀ ਲਹਿਰ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ਨੇ ਇਸ ’ਤੇ ਇਤਰਾਜ਼ ਪ੍ਰਗਟ ਕਰਦਿਆਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਿੱਖਾਂ ਲਈ ਪਵਿੱਤਰ ਅਸਥਾਨ ਹੈ, ਜਿਸ ਨਾਲ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਜੁਡ਼ੀਆਂ ਹੋਈਆਂ ਹਨ। ਇਸ ਪਾਵਨ ਅਸਥਾਨ ਦੀ ਤਸਵੀਰ ਵਪਾਰਕ ਹਿੱਤਾਂ ਲਈ ਵਰਤਣੀ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਅਜਿਹੀ ਕਾਰਵਾਈ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ, ਇਸ ਕਰ ਕੇ ਸ਼੍ਰੋਮਣੀ ਕਮੇਟੀ ਵੱਲੋਂ ਅੰਮ੍ਰਿਤਸਰ ਦੇ ਪੁਲਸ ਕਮਿਸ਼ਨਰ ਨੂੰ ਧਾਰਮਿਕ ਭਾਵਨਾਵਾਂ ਭਡ਼ਕਾਉਣ ’ਤੇ ਕਾਨੂੰਨੀ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਸਬੰਧਤ ਵਿਅਕਤੀ ਖਿਲਾਫ ਸਖਤ ਕਾਰਵਾਈ ਲਈ ਲਿਖਿਆ ਗਿਆ ਹੈ।

ਇਸੇ ਦੌਰਾਨ ਭਾਈ ਲੌਂਗੋਵਾਲ ਨੇ ਵਿਦੇਸ਼ਾਂ ’ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਬ੍ਰਾਂਡ ਬਣਾ ਕੇ ਆਟਾ ਤੇ ਚੌਲ ਵੇਚਣ ’ਤੇ ਵੀ ਵਿਰੋਧ ਜਤਾਇਆ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਤੇ ਕੈਨੇਡਾ ’ਚ ਗੋਲਡਨ ਟੈਂਪਲ ਨਾਂ ਹੇਠ ਪੈਕੇਟ ਛਾਪ ਕੇ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਸਮੇਤ ਉਤਪਾਦ ਵੇਚੇ ਜਾ ਰਹੇ ਹਨ। ਇਹ ਗਲਤ ਕਾਰਵਾਈ ਹੈ ਅਤੇ ਉਤਪਾਦ ਵੇਚਣ ਵਾਲੀਆਂ ਕੰਪਨੀਆਂ ਨੂੰ ਇਹ ਤੁਰੰਤ ਬੰਦ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ ’ਤੇ ਰੋਕ ਨਾ ਲਾਈ ਗਈ ਤਾਂ ਸ਼੍ਰੋਮਣੀ ਕਮੇਟੀ ਕਾਰਵਾਈ ਵੀ ਕਰੇਗੀ।


Tags: Ishq My ReligionBhai LongowalAmritsarGolden TempleBobby DhillonSimrrann SabarwalMukesh RishiRahul DevYaad GrewalAman DhaliwalYashpal Sharma

Edited By

Sunita

Sunita is News Editor at Jagbani.