FacebookTwitterg+Mail

'ਯਾਰਾ ਵੇ' ਦੀ ਬੇਸਬਰੀ ਨਾਲ ਉਡੀਕ, 5 ਅਪ੍ਰੈਲ ਨੂੰ ਰਿਲੀਜ਼ ਹੋਵੇਗੀ ਫਿਲਮ

yaara ve
19 March, 2019 01:42:02 PM

ਜਲੰਧਰ (ਬਿਊਰੋ) — 5 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਫਿਲਮ 'ਯਾਰਾ ਵੇ' ਦਾ ਟਾਈਟਲ ਗੀਤ, ਜੋ ਪਿਛਲੇ ਦਿਨੀਂ ਰਿਲੀਜ਼ ਹੋਇਆ ਸੀ, ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ। ਇਹ ਗੀਤ ਫ਼ਿਰੋਜ਼ ਖ਼ਾਨ ਤੇ ਗੁਰਮੀਤ ਸਿੰਘ ਨੇ ਗਾਇਆ ਹੈ। ਜ਼ਿਕਰਯੋਗ ਹੈ ਕਿ 'ਯਾਰਾ ਵੇ' ਪ੍ਰਤੀ ਦਰਸ਼ਕਾਂ ਵਿਚ ਬੇਹੱਦ ਉਤਸ਼ਾਹ ਹੈ ਤੇ ਹਰ ਪਾਸੇ ਇਸ ਦੀ ਰਿਲੀਜ਼ਿੰਗ ਦੀ ਚਰਚਾ ਛਿੜੀ ਹੋਈ ਹੈ। 'ਯਾਰਾ ਵੇ' ਗਗਨ ਕੋਕਰੀ ਦੀ ਦੂਜੀ ਫ਼ਿਲਮ ਹੈ। ਉਨ੍ਹਾਂ ਨਾਲ ਯੁਵਰਾਜ ਹੰਸ ਨੇ ਜੁੰਡੀ ਦੇ ਮਿੱਤਰ ਦੀ ਸਾਂਝ ਨਿਭਾਈ ਹੈ। ਟਾਈਟਲ ਗੀਤ ਦੋ ਦੋਸਤਾਂ ਦੀ ਯਾਰੀ ਨਾਲ ਜੁੜਿਆ ਹੋਇਆ ਹੈ, ਜਿਹੜੇ ਕਦੇ ਦੂਰ ਨਹੀਂ ਹੋਣਾ ਚਾਹੁੰਦੇ। ਦੋਹਾਂ ਦੀ ਗੂੜ੍ਹੀ ਦੋਸਤੀ ਦੀਆਂ ਮਿਸਾਲਾਂ ਦਿੱਤੀਆਂ ਜਾਂਦੀਆਂ ਹਨ। 'ਯਾਰਾ ਵੇ' ਵਿਚ ਮੋਨਿਕਾ ਗਿੱਲ ਨੇ ਬਤੌਰ ਹੀਰੋਇਨ ਅਦਾਕਾਰਾ ਕੀਤੀ ਹੈ। ਇਸ ਤੋਂ ਇਲਾਵਾ ਰਘਬੀਰ ਬੋਲੀ, ਯੋਗਰਾਜ ਸਿੰਘ, ਨਿਰਮਲ ਰਿਸ਼ੀ, ਬੀ. ਐੱਨ. ਸ਼ਰਮਾ, ਸਰਦਾਰ ਸੋਹੀ, ਹੌਬੀ ਧਾਲੀਵਾਲ, ਗੁਰਪ੍ਰੀਤ ਭੰਗੂ, ਮਲਕੀਤ ਰੌਣੀ, ਪਾਲੀ ਸੰਧੂ ਅਤੇ ਰਾਣਾ ਜੰਗ ਬਹਾਦਰ ਦੀ ਲਾਜਵਾਬ ਅਦਾਕਾਰੀ ਹੈ। ਫ਼ਿਲਮ ਦੇ ਪਲੇਠੇ ਗੀਤ ਤੋਂ ਉਤਸ਼ਾਹਤ ਗਗਨ ਕੋਕਰੀ ਨੇ ਕਿਹਾ ਕਿ ਇਸ ਤੋਂ ਸਾਨੂੰ ਬੇਹੱਦ ਆਸਾਂ ਹਨ। ਹਰ ਥਾਂ ਫ਼ਿਲਮ ਦੀ ਚਰਚਾ ਹੋ ਰਹੀ ਹੈ। ਜਿਸ ਦਿਨ ਤੋਂ ਫ਼ਿਲਮ ਦਾ ਟ੍ਰੇਲਰ ਜਾਰੀ ਹੋਇਆ ਹੈ, ਉਸ ਦਿਨ ਤੋਂ ਦੁਨੀਆ ਭਰ ਵਿੱਚੋਂ ਫੋਨ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਫ਼ਿਲਮ ਦੇ ਪ੍ਰੋਡਿਊਸਰ ਬੱਲੀ ਸਿੰਘ ਕੱਕੜ ਹਨ। ਕਹਾਣੀ ਅਤੇ ਨਿਰਦੇਸ਼ਨ ਰਾਕੇਸ਼ ਮਹਿਤਾ ਦਾ ਹੈ।

ਫ਼ਿਲਮ 1947 ਦੇ ਦੌਰ ਦੀ ਗੱਲ ਕਰਦੀ ਹੈ, ਜਦੋਂ ਦੋ ਦੇਸ਼ਾਂ ਦੀ ਵੰਡ ਹੋਈ ਤਾਂ ਲੱਖਾਂ ਲੋਕਾਂ ਦਾ ਸਭ ਕੁੱਝ ਤਬਾਹ ਹੋ ਗਿਆ। ਉਸ ਤਬਾਹੀ ਵਿਚ ਸਭ ਤੋਂ ਜ਼ਿਆਦਾ ਨੁਕਸਾਨ ਰਿਸ਼ਤਿਆਂ ਦਾ ਹੋਇਆ। ਉਹ ਰਿਸ਼ਤੇ ਭਾਵੇਂ ਖੂਨ ਦੇ ਹੋਣ, ਭਾਵੇਂ ਦੋਸਤੀ ਦੇ। ਸੋਸ਼ਲ ਮੀਡੀਆ 'ਤੇ ਫ਼ਿਲਮ ਦੇ ਪ੍ਰਚਾਰ ਦੀ ਹਨੇਰੀ ਆਈ ਹੋਈ ਹੈ। 'ਜੱਸ ਰਿਕਾਰਡਜ਼' ਵੱਲੋਂ ਫ਼ਿਲਮ ਦਾ ਸੰਗੀਤ ਰਿਲੀਜ਼ ਕੀਤਾ ਗਿਆ ਹੈ। ਫ਼ਿਲਮ ਦੇ ਟ੍ਰੇਲਰ ਨੂੰ ਜਿੰਨਾ ਹੁੰਗਾਰਾ ਮਿਲਿਆ ਹੈ, ਉਸ ਤੋਂ ਫ਼ਿਲਮ ਦੀ ਕਾਮਯਾਬੀ ਦੀ ਆਸ ਬੱਝਦੀ ਹੈ।


Tags: Yaara VeRakesh MehtaYuvraj HansGagan KokriMonica GillYograj SinghBN SharmaSardar SohiNirmal RishiHobby Dhaliwal Punjabi Celebrity

Edited By

Sunita

Sunita is News Editor at Jagbani.