ਜਲੰਧਰ (ਬਿਊਰੋ) : 5 ਅਪ੍ਰੈਲ ਨੂੰ ਸਿਨੇਮਾ ਘਰਾਂ ਦਾ ਸ਼ਿੰਗਾਰ ਬਣਨ ਨੂੰ ਤਿਆਰ ਹੈ ਪੰਜਾਬੀ ਫਿਲਮ 'ਯਾਰਾ ਵੇ'। ਦੱਸ ਦਈਏ ਕਿ ਪੰਜਾਬੀ ਫਿਲਮ 'ਯਾਰਾ ਵੇ' ਗਗਨ ਕੋਕਰੀ ਦੀ ਦੂਜੀ ਫਿਲਮ ਹੈ। ਇਸ ਫਿਲਮ 'ਚ ਗਗਨ ਕੋਕਰੀ ਨਾਲ ਪੰਜਾਬੀ ਅਦਾਕਾਰ ਯੁਵਰਾਜ ਹੰਸ 'ਜੁੰਡੀ ਦੇ ਮਿੱਤਰ' ਦੀ ਸਾਂਝ ਨਿਭਾਉਂਦੇ ਨਜ਼ਰ ਆ ਰਹੇ ਹਨ। ਦੋਹਾਂ ਦੀ ਗੂੜ੍ਹੀ ਦੋਸਤੀ ਦੀਆਂ ਮਿਸਾਲਾਂ ਦਿੱਤੀਆਂ ਜਾਂਦੀਆਂ ਹਨ।
ਪੰਜਾਬੀ ਫਿਲਮ 'ਯਾਰਾ ਵੇ' 'ਚ ਗਗਨ ਕੋਕਰੀ ਤੇ ਯੁਵਰਾਜ ਹੰਸ ਤੋਂ ਇਲਾਵਾ ਮੋਨਿਕਾ ਗਿੱਲ, ਰਘਬੀਰ ਬੋਲੀ, ਯੋਗਰਾਜ ਸਿੰਘ, ਨਿਰਮਲ ਰਿਸ਼ੀ, ਬੀ. ਐੱਨ. ਸ਼ਰਮਾ, ਸਰਦਾਰ ਸੋਹੀ, ਹੌਬੀ ਧਾਲੀਵਾਲ, ਗੁਰਪ੍ਰੀਤ ਭੰਗੂ, ਮਲਕੀਤ ਰੌਣੀ, ਪਾਲੀ ਸੰਧੂ ਅਤੇ ਰਾਣਾ ਜੰਗ ਬਹਾਦਰ ਦੀ ਲਾਜਵਾਬ ਅਦਾਕਾਰੀ ਦੇਖਣ ਨੂੰ ਮਿਲੇਗੀ। ਇਸ ਫਿਲਮ 'ਚ ਸਾਲ 1947 ਦੇ ਦੌਰ ਨੂੰ ਦਿਖਾਇਆ ਜਾਵੇਗਾ, ਜਦੋਂ ਦੋ ਦੇਸ਼ਾਂ ਦੀ ਵੰਡ ਹੋਈ ਤਾਂ ਲੱਖਾਂ ਲੋਕਾਂ ਦਾ ਸਭ ਕੁਝ ਤਬਾਹ ਹੋ ਗਿਆ। ਉਸ ਤਬਾਹੀ 'ਚ ਸਭ ਤੋਂ ਜ਼ਿਆਦਾ ਨੁਕਸਾਨ ਰਿਸ਼ਤਿਆਂ ਦਾ ਹੋਇਆ। ਉਹ ਰਿਸ਼ਤੇ ਭਾਵੇਂ ਖੂਨ ਦੇ ਹੋਣ, ਭਾਵੇਂ ਦੋਸਤੀ ਦੇ। 'ਜੱਸ ਰਿਕਾਰਡਜ਼' ਵੱਲੋਂ ਫਿਲਮ ਦਾ ਸੰਗੀਤ ਰਿਲੀਜ਼ ਕੀਤਾ ਗਿਆ ਹੈ। ਫਿਲਮ ਦੇ ਟ੍ਰੇਲਰ ਤੇ ਹੁਣ ਤੱਕ ਰਿਲੀਜ਼ ਹੋਏ ਗੀਤਾਂ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸੇ ਪਿਆਰ ਨੂੰ ਦੇਖਦੇ ਹੋਏ 'ਯਾਰਾ ਵੇ' ਦੀ ਕਾਮਯਾਬੀ ਦੀ ਆਸ ਬੱਝਦੀ ਹੈ। ਫਿਲਮ ਦੇ ਪ੍ਰੋਡਿਊਸਰ ਬੱਲੀ ਸਿੰਘ ਕੱਕੜ ਹਨ ਅਤੇ ਕਹਾਣੀ ਅਤੇ ਨਿਰਦੇਸ਼ਨ ਰਾਕੇਸ਼ ਮਹਿਤਾ ਦਾ ਹੈ।