ਨਵੀਂ ਦਿੱਲੀ(ਬਿਊਰੋ)- ਕੋਰੋਨਾ ਵਾਇਰਸ ਨਾਲ ਜੁੜੀ ਇਕ ਹੋਰ ਬੁਰੀ ਖਬਰ ਸਾਹਮਣੇ ਆ ਗਈ ਹੈ। 'ਯੇ ਰਿਸ਼ਤਾ ਕਿਆ ਕਹਿਲਾਤਾ ਹੈ' ਟੀ.ਵੀ. ਅਦਾਕਾਰਾ ਅਤੇ ਕੋਰਿਓਗ੍ਰਾਫਰ ਮੋਹਿਨਾ ਕੁਮਾਰੀ, ਉਨ੍ਹਾਂ ਦੇ ਸਹੁਰੇ ਭਾਵ ਉੱਤਰਾਖੰਡ ਦੇ ਕੈਬਨਿਟ ਮੰਤਰੀ ਸਤਪਾਲ ਮਹਾਰਾਜ, ਉਨ੍ਹਾਂ ਦੀ ਪਤਨੀ ਅੰਮ੍ਰਿਤਾ ਰਾਵਤ ਅਤੇ ਉਨ੍ਹਾਂ ਦੇ 17 ਸਟਾਫ ਮੈਂਬਰਾਂ ਨੂੰ ਕੋਰੋਨਾ ਵਾਇਰਸ ਹੋ ਗਿਆ ਹੈ। ਸਤਪਾਲ ਮਹਾਰਾਜ ਨੇ ਹਾਲ ਹੀ 'ਚ ਉੱਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨਾਲ ਮੁਲਾਕਾਤ ਕੀਤੀ ਸੀ। ਸਤਪਾਲ ਦੇ ਕੋਰੋਨਾ ਵਾਇਰਸ ਪਾਜ਼ੇਟਿਵ ਆਉਣ ਤੋਂ ਬਾਅਦ ਜਿੰਨੇ ਵੀ ਲੋਕ ਉਨ੍ਹਾਂ ਦੇ ਸੰਪਰਕ 'ਚ ਆਏ, ਸਾਰਿਆਂ ਦੇ ਟੈਸਟ ਕੀਤੇ ਜਾਣਗੇ। ਮੋਹਿਨਾ ਕੁਮਾਰੀ ਨਾ ਸਿਰਫ ਇਕ ਕੋਰਿਓਗ੍ਰਾਫਰ ਹੈ ਸਗੋਂ ਉਹ ਫੇਮਸ ਟੀ.ਵੀ. ਅਦਾਕਾਰਾ ਵੀ ਹੈ। ਫਿਲਹਾਲ ਸਾਰੇ ਸੰਕ੍ਰਮਿਤਾਂ ਨੂੰ ਕੁਆਰੰਟਾਇਨ ਕਰ ਦਿੱਤਾ ਗਿਆ ਹੈ। ਇਸ ਦੌਰਾਨ ਮੋਹਿਨਾ ਨੇ ਗੱਲਬਾਤ ਦੌਰਾਨ ਆਪਣੀ ਸਿਹਤ ਬਾਰੇ ਜਾਣਕਾਰੀ ਦਿੱਤੀ।
ਮੋਹਿਨਾ ਨੇ ਦੱਸਿਆ,‘‘ਇਹ ਖ਼ਬਰ ਬਿਲਕੁੱਲ ਸੱਚ ਹੈ ਕਿ ਮੈਂ ਅਤੇ ਮੇਰਾ ਪਰਿਵਾਰ ਕੋਰੋਨਾ ਪਾਜ਼ੇਟਿਵ ਹੈ। ਸਾਡੇ ਪਰਿਵਾਰ ਦੇ 7 ਲੋਕ ਕੋਰੋਨਾ ਪਾਜ਼ੇਟਿਵ ਹਨ ਅਤੇ ਬਾਕੀ ਸੰਸਥਾ ਦੇ ਲੋਕ ਹਨ। ਅਸੀਂ ਆਪਣੇ-ਆਪ ਨੂੰ ਆਈਸੋਲੇਟ ਕਰ ਕੇ ਰੱਖਿਆ ਹੈ ਅਤੇ ਹੁਣ ਇਸ ਦਾ ਇਲਾਜ ਚੱਲ ਰਿਹਾ ਹੈ।’’
ਮੋਹਿਨਾ ਨੇ ਕਿਹਾ, ਸਾਰੇ ਲੋਕ ਸੁਰੱਖਿਅਤ ਹਨ। ਅਸੀਂ ਭਾਗਾਂ ਵਾਲੇ ਹਾਂ ਕਿ ਸਾਡੇ ਕੋਲ ਸਾਰੀ ਸੁਵਿਧਾ ਮੌਜੂਦ ਹੈ। ਇਸ ਲਈ ਅਸੀਂ ਕਿਸੇ ਵੀ ਚੀਜ਼ ਲਈ ਸ਼ਿਕਾਇਤ ਨਹੀਂ ਕਰ ਸਕਦੇ। ਮੈਨੂੰ ਉਮੀਦ ਹੈ ਕਿ ਅਸੀਂ ਸਾਰੇ ਜਲਦੀ ਠੀਕ ਹੋ ਜਾਵਾਂਗੇ। ਇਸ ਦੇ ਨਾਲ ਹੀ ਮੋਹਿਨਾ ਨੇ ਸੋਸ਼ਲ ਮੀਡੀਆ ਰਾਹੀਂ ਆਪਣੇ ਫੈਨਜ਼ ਲਈ ਇਕ ਨੋਟ ਲਿਖਿਆ।