ਜਲੰਧਰ (ਬਿਊਰੋ)— ਕਾਫੀ ਸਾਲਾਂ ਤੋਂ ਮਿਊਜ਼ਿਕ ਇੰਡਸਟਰੀ ਤੋਂ ਦੂਰ ਰਹਿਣ ਵਾਲੇ ਰੈਪਰ ਯੋ ਯੋ ਹਨੀ ਸਿੰਘ ਹੁਣ ਵਾਪਸੀ ਲਈ ਤਿਆਰ ਹਨ। ਇਹ ਅਸੀਂ ਨਹੀਂ ਖੁਦ ਯੋ ਯੋ ਹਨੀ ਸਿੰਘ ਕਹਿ ਰਹੇ ਹਨ। ਹਨੀ ਸਿੰਘ ਪਿਛਲੇ ਕਾਫੀ ਸਮੇਂ ਤੋਂ ਵਰਕਆਊਟ ਵੀਡੀਓਜ਼ ਤੇ ਤਸਵੀਰਾਂ ਸ਼ੇਅਰ ਕਰਦੇ ਆ ਰਹੇ ਹਨ। ਹਾਲਾਂਕਿ ਅੱਜ ਤਸਵੀਰ ਸ਼ੇਅਰ ਕਰਨ ਦੇ ਨਾਲ-ਨਾਲ ਹਨੀ ਸਿੰਘ ਨੇ ਵੱਡਾ ਐਲਾਨ ਵੀ ਕੀਤਾ ਹੈ। ਹਨੀ ਸਿੰਘ ਨੇ ਤਸਵੀਰ ਸਾਂਝੀ ਕਰਦਿਆਂ ਲਿਖਿਆ, 'ਮੈਂ ਆਪਣੀ ਕਮਬੈਕ ਵੀਡੀਓ ਲਈ ਡੌਲੇ ਬਣਾ ਰਿਹਾ ਹਾਂ। ਮੈਂ ਇਕ ਵੱਡੀ ਵੀਡੀਓ ਸ਼ੂਟ ਕਰ ਰਿਹਾ ਹਾਂ, ਜਿਸ ਲਈ ਜ਼ਬਰਦਸਤ ਲੁੱਕ ਚਾਹੀਦੀ ਹੈ। ਕਿਰਪਾ ਕਰਕੇ ਪਿਆਰ ਤੇ ਦੁਆਵਾਂ ਦਿਓ। ਢੇਰ ਸਾਰਾ ਪਿਆਰ। ਯੋ ਯੋ।' ਦੱਸਣਯੋਗ ਹੈ ਕਿ ਇਸੇ ਸਾਲ 23 ਫਰਵਰੀ ਨੂੰ ਰਿਲੀਜ਼ ਹੋਈ ਫਿਲਮ 'ਸੋਨੂੰ ਕੇ ਟੀਟੂ ਕੀ ਸਵੀਟੀ' 'ਚ ਹਨੀ ਸਿੰਘ ਦੇ ਦੋ ਗੀਤ 'ਦਿਲ ਚੋਰੀ' ਤੇ 'ਛੋਟੇ ਛੋਟੇ ਪੈੱਗ' ਰਿਲੀਜ਼ ਹੋਏ ਸਨ। ਇਨ੍ਹਾਂ ਗੀਤਾਂ ਨੂੰ ਮਿਲੇ ਹੁੰਗਾਰੇ ਤੋਂ ਇਹ ਸਾਫ ਹੋ ਗਿਆ ਹੈ ਕਿ ਯੋ ਯੋ ਦੇ ਫੈਨਜ਼ ਉਸ ਨੂੰ ਟੀ. ਵੀ. 'ਤੇ ਮੁੜ ਦੇਖਣ ਲਈ ਬੇਤਾਬ ਹਨ। ਇਹ ਗੀਤ ਕਦੋਂ ਰਿਲੀਜ਼ ਹੋਵੇਗਾ, ਫਿਲਹਾਲ ਇਸ ਦੀ ਕੋਈ ਜਾਣਕਾਰੀ ਨਹੀਂ ਹੈ। ਉਮੀਦ ਹੈ ਕਿ ਹਨੀ ਸਿੰਘ ਥੋੜ੍ਹੇ ਦਿਨਾਂ ਤਕ ਇਸ ਦਾ ਵੀ ਐਲਾਨ ਕਰ ਦੇਣਗੇ।