ਮੁੰਬਈ (ਬਿਊਰੋ) — 'ਦੰਗਲ' ਸੁਪਰਹਿੱਟ ਫਿਲਮ ਅਤੇ ਨੈਸ਼ਨਲ ਐਵਾਰਡ ਆਪਣੇ ਨਾਂ ਕਰਨ ਵਾਲੀ ਅਦਾਕਾਰਾ ਜ਼ਾਇਰਾ ਵਸੀਮ ਨੇ ਬੀਤੇ ਦਿਨੀਂ ਐਕਟਿੰਗ ਛੱਡਣ ਦਾ ਫੈਸਲਾ ਕਰ ਲਿਆ। ਜ਼ਾਇਰਾ ਨੇ ਲੰਬੀ ਪੋਸਟ ਲਿਖ ਕੇ ਪਿੱਛੇ ਦੀ ਵਜ੍ਹਾ ਦਾ ਖੁਲਾਸਾ ਕੀਤਾ। ਜ਼ਾਇਰਾ ਨੇ ਲਿਖਿਆ, ''5 ਸਾਲ ਪਹਿਲਾ ਮੈਂ ਇਕ ਅਜਿਹਾ ਫੈਸਲਾ ਲਿਆ ਸੀ, ਜਿਸ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ। ਮੈਂ ਭਾਵੇਂ ਹੀ ਇਥੇ ਫਿੱਟ ਹੋ ਰਹੀ ਹਾਂ ਪਰ ਮੈਂ ਇਥੇ ਦੀ ਨਹੀਂ ਹਾਂ। ਮੈਂ ਆਪਣੇ ਇਮਾਨ (ਧਰਮ) ਤੋਂ ਦੂਰ ਹੋ ਰਹੀ ਹਾਂ। ਇਸ ਪੋਸਟ 'ਚ ਜ਼ਾਇਰਾ ਨੇ ਕੁਰਾਨ ਦਾ ਵੀ ਜ਼ਿਕਰ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਰਸਤਾ ਮੈਨੂੰ ਅੱਲ੍ਹਾ ਤੋਂ ਦੂਰ ਕਰ ਰਿਹਾ ਹੈ।
ਹਾਲਾਂਕਿ ਇਸ ਮਾਮਲੇ 'ਚ ਜ਼ਾਇਰਾ ਨੇ ਮੈਨੇਜਰ ਤੁਹਿਨ ਨੇ ਮੀਡੀਆ ਨਾਲ ਗੱਲਬਾਤ 'ਚ ਦੱਸਿਆ ਕਿ ਜ਼ਾਇਰਾ ਦੇ ਸਾਰੇ ਸੋਸ਼ਲ ਮੀਡੀਆ ਅਕਾਊਂਟ ਕਮਪ੍ਰੋਮਾਈਜ਼ ਹੋਏ ਹਨ ਅਤੇ ਉਨ੍ਹਾਂ ਨੇ ਇਹ ਪੋਸਟ ਨਹੀਂ ਲਿਖੀ ਹੈ ਪਰ ਇਸ ਤੋਂ ਬਾਅਦ ਖੁਦ ਜ਼ਾਇਰਾ ਨੇ ਇਕ ਇੰਟਰਵਿਊ ਦੌਰਾਨ ਆਖਿਆ ਕਿ ਸੋਸ਼ਲ ਮੀਡੀਆ 'ਤੇ ਜਿਹੜੀ ਪੋਸਟ ਹੈ, ਉਸ ਨੂੰ ਮੈਂ ਖੁਦ ਲਿਖਿਆ ਹੈ। ਸੋਸ਼ਲ ਮੀਡੀਆ 'ਤੇ ਫੈਨਜ਼ 'ਚ ਵੀ ਇਹ ਚਰਚਾ ਹੈ ਕਿ ਜ਼ਾਇਰਾ ਨੇ ਇਹ ਪੋਸਟ ਕਿਸੇ ਦਬਾਅ 'ਚ ਲਿਖੀ ਹੈ। ਇਸ 'ਤੇ ਹੁਣ ਬਹਿਸ ਛਿੜ ਗਈ ਹੈ। ਕੁਝ ਲੋਕ ਧਰਮ ਨੂੰ ਵਜ੍ਹਾ ਦੱਸਣ ਨੂੰ ਲੈ ਕੇ ਜ਼ਾਇਰਾ ਨੂੰ ਗਲਤ ਦੱਸ ਰਹੇ ਹਨ ਅਤੇ ਟਰੋਲ ਵੀ ਕਰ ਰਹੇ ਹਨ। ਟਰੋਲਸ ਦਾ ਕਹਿਣਾ ਹੈ ਕਿ ਐਕਟਿੰਗ ਛੱਡਣਾ ਉਨ੍ਹਾਂ ਦੀ ਪਸੰਦ ਹੋ ਸਕਦੀ ਹੈ ਪਰ ਧਰਮ ਨੂੰ ਵਜ੍ਹਾ ਦੱਸਣਾ ਸਹੀਂ ਨਹੀਂ ਹੈ। ਉਥੇ ਹੀ ਕੁਝ ਲੋਕ ਉਨ੍ਹਾਂ ਦੇ ਸਮਰਥਨ 'ਚ ਵੀ ਉਤਰ ਆਏ ਹਨ।
ਦੱਸ ਦਈਏ ਕਿ ਜ਼ਾਇਰਾ ਵਸੀਮ ਨੇ 'ਦੰਗਲ' 'ਚ ਆਮਿਰ ਖਾਨ ਦੀ ਧੀ ਦਾ ਕਿਰਦਾਰ ਨਿਭਾਇਆ। 'ਦੰਗਲ' ਫਿਲਮ ਸਾਲ 2016 'ਚ ਰਿਲੀਜ਼ ਹੋਈ ਸੀ। ਇਸ ਫਿਲਮ ਤੋਂ ਬਾਅਦ ਜ਼ਾਇਰਾ 'ਸੀਕ੍ਰੇਟ ਸੁਪਰਸਟਾਰ' ਫਿਲਮ 'ਚ ਨਜ਼ਰ ਆਈ। ਹੁਣ ਉਹ ਸੋਨਾਲੀ ਬੌਸ ਦੀ ਫਿਲਮ 'ਦਿ ਸਕਾਈ ਇਜ ਪਿੰਕ' 'ਚ ਪਰਦੇ 'ਤੇ ਨਜ਼ਰ ਆਵੇਗੀ। ਫਿਲਮ ਦੇ ਮੇਕਰਸ ਨੇ ਉਸ ਦੇ ਇਸ ਫੈਸਲੇ 'ਚ ਉਨ੍ਹਾਂ ਦਾ ਸਾਥ ਦਿੱਤਾ ਹੈ।