ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਆਮਿਰ ਖਾਨ ਪਾਕਿਸਤਾਨ ਨਹੀਂ ਜਾਣਗੇ। ਇਕ ਵੈੱਬਸਾਊਟ ਨੂੰ ਦਿੱਤੀ ਜਾਣਕਾਰੀ ਮੁਤਾਬਕ ਆਮਿਰ ਖਾਨ ਨੇ ਪਾਕਿਸਤਾਨ 'ਚ ਹੋਣ ਜਾ ਰਹੇ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ 'ਚ ਜਾਣ ਦੀ ਖਬਰ ਤੋਂ ਇਨਕਾਰ ਕੀਤਾ ਹੈ।
ਜ਼ਿਕਰਯੋਗ ਹੈ ਕਿ ਪਾਕਿਸਤਾਨ ਮੀਡੀਆ 'ਚ ਖਬਰ ਚੱਲ ਰਹੀ ਹੈ ਕਿ ਆਮਿਰ ਖਾਨ ਸਹੁੰ ਚੁੱਕ ਸਮਾਗਮ 'ਚ ਸ਼ਾਮਲ ਹੋਣ ਲਈ ਪਾਕਿਸਤਾਨ ਜਾਣਗੇ ਪਰ ਆਮਿਰ ਖਾਨ ਨੇ ਦੱਸਿਆ ਹੈ ਕਿ ਉਹ ਭਾਰਤ 'ਚ ਹੀ ਪਾਣੀ ਫਾਊਂਡੇਸ਼ਨ ਵਲੋਂ 12 ਅਗਸਤ ਨੂੰ ਕਰਵਾਏ ਜਾ ਰਹੇ ਇਕ ਪ੍ਰੋਗਰਾਮ ਨੂੰ ਲੈ ਕੇ ਰੁੱਝੇ ਹੋਏ ਹਨ। ਉਨ੍ਹਾਂ ਨੂੰ ਸਹੁੰ ਚੁੱਕ ਸਮਾਗਮ ਲਈ ਪਾਕਿਸਤਾਨ ਤੋਂ ਕੋਈ ਅਧਿਕਾਰਕ ਸੱਦਾ ਵੀ ਨਹੀਂ ਮਿਲਿਆ ਹੈ।
ਦੂਜੇ ਪਾਸੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ 'ਚ ਸ਼ਾਮਲ ਹੋਣ ਦੇ ਸੱਦੇ ਨੂੰ ਮਨਜ਼ੂਰ ਕਰ ਲਿਆ ਹੈ। ਸਿੱਧੂ ਮੁਤਾਬਕ ਇਹ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ ਤੇ ਸੱਦੇ ਨੂੰ ਉਹ ਕਬੂਲ ਕਰਦੇ ਹਨ। ਉਨ੍ਹਾਂ ਕਿਹਾ, 'ਇਮਰਾਨ ਖਾਨ 'ਤੇ ਭਰੋਸਾ ਕੀਤਾ ਜਾ ਸਕਦਾ ਹੈ। ਖਿਡਾਰੀ ਸੰਪਰਕ ਬਣਾਉਂਦੇ ਹਨ ਤੇ ਰੁਕਾਵਟਾਂ ਨੂੰ ਹਟਾਉਂਦੇ ਹਨ ਤੇ ਲੋਕਾਂ ਨੂੰ ਜੋੜਦੇ ਹਨ। ਇਮਰਾਨ ਮੈਨੂੰ ਉਮੀਦ ਦੀ ਕਿਰਨ ਵਾਂਗ ਨਜ਼ਰ ਆਉਂਦੇ ਹਨ। ਮੈਂ ਦੇਸ਼ ਦੀ ਵਿਦੇਸ਼ ਨੀਤੀ ਦਾ ਸਨਮਾਨ ਕਰਦਾ ਹਾਂ ਪਰ ਇਹ ਇਕ ਵਿਅਕਤੀਗਤ ਸੱਦਾ ਹੈ।'