ਇੰਡੀਯਾਨਾਪੋਲਿਸ(ਬਿਊਰੋ)— ਡੈਨਮਾਰਕ ਦੀ ਪੰਜਾਬੀ ਗਾਇਕਾ, ਅਦਾਕਾਰਾ ਅਤੇ ਡਾਂਸਰ ਅਨੀਤਾ ਲਿਆਕੇ ਨੇ ਐਤਵਾਰ ਨੂੰ ਬਰਮਿੰਘਮ ਵਿਚ ਆਯੋਜਿਤ ਇਕ ਸਮਾਰੋਹ ਵਿਚ 'ਯੂ.ਕੇ. ਭੰਗੜਾ ਐਵਾਰਡ 2017' ਦਾ 'ਬੈੱਸਟ ਇੰਟਰਨੈਸ਼ਨਲ ਆਰਟਿਸਟਸ' ਐਵਾਰਡ ਜਿੱਤਿਆ। ਸਮਾਰੋਹ ਵਿਚ ਪੂਰੇ ਭੰਗੜਾ ਸੰਗੀਤ ਉਦਯੋਗ ਦੇ ਕਈ ਲੋਕ ਹਾਜ਼ਰ ਸਨ। ਇਸ ਦੌਰਾਨ ਵੱਖ-ਵੱਖ ਕਲਾਕਾਰਾਂ ਨੂੰ 24 ਐਵਾਰਡ ਪ੍ਰਦਾਨ ਕੀਤੇ ਗਏ।
ਵੱਕਾਰੀ ਅੰਤਰਰਾਸ਼ਟਰੀ ਐਵਾਰਡ ਜਿੱਤਣ ਤੋਂ ਬਾਅਦ ਭਾਵੁਕ ਮੰਨ ਨਾਲ ਅਨੀਤਾ ਨੇ ਆਪਣੇ ਪ੍ਰਸ਼ੰਸਕਾਂ ਦਾ ਸ਼ੁੱਕਰੀਆ ਅਦਾ ਕੀਤਾ। ਉਸ ਨੇ ਕਿਹਾ ਕਿ ਉਹ ਇਸ ਪਲ ਨੂੰ ਕਦੇ ਨਹੀਂ ਭੁੱਲ ਸਕਦੀ।
ਅਨੀਤਾ ਲਿਆਕੇ ਅਤੇ ਪੰਜਾਬੀ ਫਿਲਮ ਅਦਾਕਾਰ ਦਿਲਜੀਤ ਦੋਸਾਂਝ ਨੂੰ 'ਬੈੱਸਟ ਇੰਟਰਨੈਸ਼ਨਲ ਆਰਟਿਸਟਸ' ਸ਼੍ਰੇਣੀ ਵਿਚ ਵੱਕਾਰੀ 'ਯੂ.ਕੇ. ਭੰਗੜਾ ਐਵਾਰਡ 2017' ਲਈ ਨਾਮਜ਼ਦ ਕੀਤਾ ਗਿਆ ਸੀ।
ਅਨੀਤਾ ਲਿਆਕੇ ਨੇ ਕਿਹਾ ਕਿ ਇਹ ਮੇਰੇ ਖੇਤਰ ਵਿਚ ਸਭ ਤੋਂ ਜ਼ਿਆਦਾ ਸਨਮਾਨਿਤ ਪੁਰਸਕਾਰਾਂ ਵਿਚੋਂ ਇਕ ਹੈ। ਇਸ ਲਈ ਮੈਂ ਹੋਰ ਜ਼ਿਆਦਾ ਸਨਮਾਨਿਤ ਤੇ ਉਤਸ਼ਾਹਿਤ ਨਹੀਂ ਹੋ ਸਕਦੀ। ਜੇਤੂਆਂ ਦਾ ਫੈਸਲਾ ਜਨਤਕ ਵੋਟਿੰਗ ਨਾਲ ਕੀਤਾ ਗਿਆ ਸੀ। ਇਸ ਲਈ ਤੁਹਾਡਾ ਵੋਟ ਅਤੇ ਹਮਾਇਤ ਅਸਲ ਵਿਚ ਮੇਰੇ ਲਈ ਬਹੁਤ ਮਾਇਨੇ ਰੱਖਦੀ ਹੈ।