ਸੰਯੁਕਤ ਰਾਸ਼ਟਰ (ਭਾਸ਼ਾ)— ਸੰਯੁਕਤ ਰਾਸ਼ਟਰ ਕੌਮਾਂਤਰੀ ਬੱਚਿਆਂ ਲਈ ਐਮਰਜੈਂਸੀ ਫੰਡ (ਯੂਨੀਸੈਫ) ਨੇ ਮੰਗਲਵਾਰ ਨੂੰ ਕਿਹਾ ਕਿ ਬੀਤੇ 4 ਸਾਲਾਂ ਤੋਂ ਇਰਾਕ ਵਿਚ ਜਾਰੀ ਹਿੰਸਾ ਦਾ ਖਾਮਿਆਜ਼ਾ ਲੋਕਾਂ ਨੂੰ ਸਭ ਤੋਂ ਜ਼ਿਆਦਾ ਭੁਗਤਣਾ ਪੈ ਰਿਹਾ ਹੈ। ਇਸ ਨਾਲ ਲੱਗਭਗ 40 ਲੱਖ ਬੱਚੇ ਅਣਮਨੁੱਖੀ ਹਾਲਾਤ ਵਿਚ ਹਨ, ਜਿਨ੍ਹਾਂ ਨੂੰ ਰਾਹਤ ਅਤੇ ਮਨੁੱਖੀ ਮਦਦ ਦੀ ਸਭ ਤੋਂ ਜ਼ਿਆਦਾ ਲੋੜ ਹੈ। ਪੱਛਮੀ ਏਸ਼ੀਆ ਅਤੇ ਉੱਤਰੀ ਅਫਰੀਕਾ ਮਾਮਲਿਆਂ ਦੇ ਯੂਨੀਸੈਫ ਦੇ ਖੇਤਰੀ ਨਿਦੇਸ਼ਕ ਗੀਰਤ ਕੈਪੀਐਲੀਏਰੇ ਨੇ ਮੰਗਲਵਾਰ ਨੂੰ ਇਕ ਪ੍ਰੋਗਰਾਮ 'ਇਰਾਕ ਵਿਚ ਬੱਚਿਆਂ ਦਾ ਭਵਿੱਖ' ਵਿਚ ਹਿੱਸਾ ਲੈਂਦੇ ਹੋਏ ਕਿਹਾ ਕਿ ਬੱਚਿਆਂ ਨੂੰ ਲੈ ਕੇ ਇਸ ਹਫਤੇ ਕੁਵੈਤ ਵਿਚ ਜੋ ਪ੍ਰੋਗਰਾਮ ਹੋਇਆ ਸੀ, ਉਹ ਇਸ ਗੱਲ ਨੂੰ ਦਰਸਾਉਂਦਾ ਹੈ ਕਿ ਅਸੀਂ ਬੱਚਿਆਂ ਦਾ ਭਵਿੱਖ ਕਿਸ ਤਰ੍ਹਾਂ ਬਿਹਤਰ ਬਣਾ ਸਕਦੇ ਹਾਂ। ਜੇ ਬੱਚਿਆਂ ਦਾ ਭਵਿੱਖ ਚੰਗਾ ਹੈ ਅਤੇ ਉਨ੍ਹਾਂ ਨੂੰ ਚੰਗੇ ਮੌਕੇ ਦਿੱਤੇ ਜਾਣ ਤਾਂ ਇਸ ਨਾਲ ਇਰਾਕ ਦੇ ਮੁੜ ਨਿਰਮਾਣ ਵਿਚ ਮਦਦ ਮਿਲੇਗੀ। ਇਸ ਪ੍ਰੋਗਾਰਮ ਵਿਚ ਸੰਯੁਕਤ ਰਾਸ਼ਟਰ ਆਬਾਦੀ ਦੇ ਖੇਤਰੀ ਡਾਇਰੈਕਟਰ ਜੇਨਾ ਅਲੀ ਅਹਿਮਦ ਨੇ ਕਿਹਾ ਕਿ ਕਿਸੇ ਵੀ ਸੰਕਟ ਦਾ ਸਭ ਤੋਂ ਜ਼ਿਆਦਾ ਸ਼ਿਕਾਰ ਬੱਚੇ ਹੁੰਦੇ ਹਨ ਅਤੇ ਉਨ੍ਹਾਂ ਦੇ ਭਵਿੱਖ ਨੂੰ ਬਿਹਤਰ ਬਣਾਏ ਜਾਣ ਦੇ ਕੰਮਾਂ ਨੂੰ ਤਰਜ਼ੀਹ ਦਿੱਤੀ ਜਾਣੀ ਚਾਹੀਦੀ ਹੈ।