ਜਲੰਧਰ— ਪੰਜਾਬੀ ਦੁਨੀਆ 'ਚ ਜਿੱਥੇ ਵੀ ਵਸਦੇ ਹੋਣ ਉਹ ਉੱਥੇ ਆਪਣੇ ਪੱਲੇ ਨਾਲ ਸੱਭਿਆਚਾਰ ਜ਼ਰੂਰ ਬੰਨ੍ਹ ਕੇ ਰੱਖਦੇ ਹਨ। ਕੈਨੇਡਾ 'ਚ ਵਸਦਾ ਪੰਜਾਬੀ ਭਾਈਚਾਰਾ ਜਿੱਥੇ ਆਪਣੇ ਧਰਮ 'ਚ ਪਰਪੱਕ ਰਹਿਣ ਦੀ ਕੋਸ਼ਿਸ਼ 'ਚ ਹੈ, ਉੱਥੇ ਹੀ ਆਪਣੀਆਂ ਸੱਭਿਆਚਾਰਕ ਗਤੀਵਿਧੀਆਂ ਨਾਲ ਅਗਲੀ ਪੀੜ੍ਹੀ ਤੱਕ ਅਮੀਰ ਪੰਜਾਬੀ ਵਿਰਸੇ ਨੂੰ ਪਹੁੰਚਾਉਣ ਲਈ ਯਤਨਸ਼ੀਲ ਹੈ। ਪੰਜਾਬ 'ਚ ਭਾਵੇਂ ਤੀਆਂ ਦੀ ਰਵਾਇਤ ਅਲੋਪ ਹੁੰਦੀ ਜਾ ਰਹੀ ਹੈ ਪਰ ਕੈਨੇਡਾ 'ਚ ਹਰ ਸਾਲ ਤੀਆਂ ਦੇ ਮੇਲੇ ਥਾਂ-ਥਾਂ ਹੁੰਦੇ ਹਨ। ਭੁਪਿੰਦਰ ਤੂਰ ਅਤੇ ਰਵੀ ਚਾਹਲ ਸੱਭਿਆਚਾਰਕ ਪ੍ਰਮੋਟਰਾਂ ਵਲੋਂ ਕਰਵਾਏ ਗਏ ਤੀਆਂ ਦੇ ਮੇਲੇ 'ਚ ਗਾਇਕਾ ਗੁਰਲੇਜ਼ ਅਖਤਰ ਨੂੰ ਵਿਸ਼ੇਸ਼ ਸੱਦਾ ਦਿੱਤਾ ਗਿਆ। ਹਜ਼ਾਰਾਂ ਦੀ ਗਿਣਤੀ 'ਚ ਪਹੁੰਚੀਆਂ ਪੰਜਾਬਣਾਂ ਨਾਲ ਭਰੇ ਹਾਲ 'ਚ ਗੁਰਲੇਜ਼ ਅਖਤਰ ਨੇ ਸੱਭਿਆਚਾਰਕ ਗੀਤਾਂ ਨਾਲ ਸਮਾਂ ਬੰਨ੍ਹੀ ਰੱਖਿਆ ਅਤੇ ਪੰਜਾਬਣਾਂ ਨੂੰ ਖੂਬ ਨਚਾਇਆ। ਜਿੱਥੇ ਉਸ ਨੇ ਆਪਣੇ ਰਵਾਇਤੀ ਗਾਣੇ ਗਾਏ, ਉੱਥੇ ਲੋਕ ਬੋਲੀਆਂ ਅਤੇ ਅੰਤ 'ਚ ਮਿਰਜ਼ਾ ਗਾ ਕੇ ਮੇਲੇ ਨੂੰ ਬੁਲੰਦੀਆਂ 'ਤੇ ਪਹੁੰਚਾ ਦਿੱਤਾ।