ਲਾਹੌਰ (ਬਿਊਰੋ)— ਪਾਕਿਸਤਾਨੀ ਅਦਾਕਾਰਾ ਮੀਰਾ ਖਾਨ ਇਨ੍ਹੀਂ ਦਿਨੀਂ ਮੁੜ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਅਸਲ 'ਚ ਉਸ ਨੂੰ ਵਿਆਹੀ ਜਾਂ ਕੁਆਰੀ ਹੋਣ ਦੇ ਚੱਕਰਾਂ 'ਚ ਅਦਾਲਤੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਕਤ ਮਾਮਲਾ 7 ਸਾਲਾਂ ਤੋਂ ਚੱਲ ਰਿਹਾ ਹੈ, ਜਿਸ 'ਚ ਇਕ ਸ਼ਖਸ ਮੀਰਾ ਦਾ ਪਤੀ ਹੋਣ ਦਾ ਦਾਅਵਾ ਕਰ ਰਿਹਾ ਹੈ। ਦੱਸਣਯੋਗ ਹੈ ਕਿ ਸਾਲ 2009 'ਚ ਫੈਸਲਾਬਾਦ ਤੋਂ ਇਕ ਕਾਰੋਬਾਰੀ ਅਤੀਕ ਉਰ ਰਹਿਮਾਨ ਨੇ ਮੀਡੀਆ ਨੂੰ ਦੱਸਿਆ ਕਿ ਉਸ ਦਾ ਮੀਰਾ ਨਾਲ ਇਕ ਨਿੱਜੀ ਸਮਾਗਮ ਦੌਰਾਨ ਵਿਆਹ ਹੋਇਆ ਸੀ। ਉਸ ਨੇ ਦੱਸਿਆ ਕਿ ਮੀਰਾ ਵਿਆਹ ਤੋਂ ਖੁਸ਼ ਨਹੀਂ ਸੀ ਤੇ ਉਸ ਨੂੰ ਜਨਤਕ ਤੌਰ 'ਤੇ ਆਪਣਾ ਪਤੀ ਨਹੀਂ ਦੱਸਦੀ ਸੀ। ਇਹੀ ਨਹੀਂ ਉਹ ਖੁਦ ਨੂੰ ਕੁਆਰੀ ਦੱਸਦੀ ਸੀ। ਅਤੀਕ ਨੇ ਸਬੂਤ ਵਜੋਂ ਵਿਆਹ ਦਾ ਸਰਟੀਫਿਕੇਟ ਵੀ ਦਿਖਾਇਆ ਤੇ ਕਿਹਾ ਕਿ ਉਸ ਨੇ ਕਈ ਵੱਖ-ਵੱਖ ਅਦਾਲਤਾਂ 'ਚ ਮੀਰਾ ਖ਼ਿਲਾਫ਼ ਅਪੀਲਾਂ ਕੀਤੀਆਂ ਹੋਈਆਂ ਹਨ। ਇਸ ਤੋਂ ਇਲਾਵਾ ਅਤੀਕ ਨੇ ਆਪਣੀ ਅਰਜ਼ੀ 'ਚ ਮੀਰਾ ਦਾ ਮੈਡੀਕਲ ਕਰਵਾਉਣ ਲਈ ਕਿਹਾ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਅਦਾਕਾਰਾ ਦੇ ਵਿਆਹੇ ਜਾਂ ਕੁਆਰੇ ਹੋਣ ਦਾ ਪਤਾ ਲਗਾਇਆ ਜਾ ਸਕੇ ਪਰ ਇਸ ਅਰਜ਼ੀ ਨੂੰ ਲਾਹੌਰ ਅਦਾਲਤ ਨੇ ਖਾਰਜ ਕਰ ਦਿੱਤਾ ਹੈ। ਉਸ ਦਾ ਪਤੀ ਹੋਣ ਦਾ ਦਾਅਵਾ ਕਰਨ ਵਾਲੇ ਅਤੀਕ ਨੇ ਕਿਹਾ ਕਿ ਉਸ ਨੂੰ ਮੀਰਾ ਦੇ ਘਰ ਦਾ ਮਾਲਕਾਨਾ ਹੱਕ ਵੀ ਮਿਲਣਾ ਚਾਹੀਦਾ ਹੈ, ਜਿਥੇ ਉਹ ਰਹਿੰਦੀ ਹੈ ਤੇ ਮੀਰਾ ਦੇ ਦੇਸ਼ ਤੋਂ ਬਾਹਰ ਜਾਣ 'ਤੇ ਵੀ ਰੋਕ ਲੱਗਣੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਮੀਰਾ ਕਈ ਸਫ਼ਲ ਫ਼ਿਲਮਾਂ 'ਚ ਕੰਮ ਕਰ ਚੁੱਕੀ ਹੈ ਤੇ ਕਈ ਸਥਾਨਕ ਐਵਾਰਡ ਵੀ ਜਿੱਤ ਚੁੱਕੀ ਹੈ। ਮੀਰਾ ਪਾਕਿਸਤਾਨ ਦੀ ਫ਼ਿਲਮ ਇੰਡਸਟਰੀ 'ਚ ਇਕ ਉੱਘੀ ਅਦਾਕਾਰਾ ਵਜੋਂ ਜਾਣੀ ਜਾਂਦੀ ਹੈ। ਇਸ ਤੋਂ ਇਲਾਵਾ ਉਹ ਬਾਲੀਵੁੱਡ ਫ਼ਿਲਮਾਂ 'ਚ ਵੀ ਕੰਮ ਕਰ ਚੁੱਕੀ ਹੈ। ਮੀਰਾ ਆਪਣੇ ਅੰਗਰੇਜ਼ੀ ਬੋਲਣ ਦੇ ਅੰਦਾਜ਼ ਕਾਰਨ ਵੀ ਲੋਕਾਂ 'ਚ ਚਰਚਾ ਦਾ ਵਿਸ਼ਾ ਰਹਿੰਦੀ ਹੈ।