FacebookTwitterg+Mail

ਪੀਸੀਏ ਫਰਿਜ਼ਨੋ ਦੇ ਸੱਭਿਆਚਾਰਕ ਮੇਲੇ ਤੇ ਜਸਲੀਨ ਜੱਸੀ, ਦੀਪ ਢਿੱਲੋ ਅਤੇ ਤਰਸੇਮ ਜੱਸੜ ਨੇ ਕਰਵਾਈ ਬਹਿਜਾ ਬਹਿਜਾ..!

pca farzino mela performe punjabi singer
18 June, 2019 08:57:31 PM

ਫਰਿਜ਼ਨੋ (ਕੈਲੇਫੋਰਨੀਆਂ) ਨੀਟਾ ਮਾਛੀਕੇ -ਸਥਾਨਕ ਪੰਜਾਬੀ ਕਲਚਰਲ ਐਸੋਸੀਏਸ਼ਨ ਵੱਲੋਂ ਸ਼ਾਨਦਾਰ ਸੱਭਿਆਚਾਰਿਕ ਮੇਲਾ ਸਥਾਨਕ ਬਲੱਫ ਪੁਆਇੰਟ ਗੌਲਫ ਕੋਰਸ ਵਿਖੇ  ਸ਼ਾਨੋ-ਸ਼ੌਕਤ ਨਾਲ ਕਰਵਾਇਆ ਗਿਆ। ਦਰਸ਼ਕਾਂ ਨਾਲ ਖਚਾਖਚ ਭਰੇ ਹੋਏ ਪਾਰਕ ਅੰਦਰ ਸਟੇਜ ਦੀ ਸ਼ੁਰੂਆਤ ਸਟੇਜਾਂ ਦੀ ਮਲਕਾ ਆਸ਼ਾ ਸ਼ਰਮਾ ਨੇ ਸਭਨਾਂ ਨੂੰ ਨਿੱਘੀ ਜੀ ਆਇਆਂ ਕਹਿੰਦਿਆ ਸ਼ਾਇਰਾਨਾ ਅੰਦਾਜ਼ ਵਿੱਚ ਕੀਤੀ।ਪੀਸੀਏ ਦੀਆਂ ਮੁਟਿਆਰਾਂ ਅਤੇ ਗੱਭਰੂਆਂ ਦੀਆਂ ਭੰਗੜਾ ਟੀਮਾਂ ਨੇ ਨੱਚ ਨੱਚਕੇ ਪੂਰੇ ਫਰਿਜ਼ਨੋ ਸ਼ਹਿਰ ਨੂੰ ਪੰਜਾਬੀਅਤ ਦੇ ਰੰਗ ਵਿੱਚ ਰੰਗਿਆ। ਪ੍ਰੋਗਰਾਮ ਦੀ ਸ਼ੁਰੂਆਤ ਨਵਜੋਤ ਫਰਿਜ਼ਨੋ ਨੇ ਧਾਰਮਿਕ ਗੀਤ ਨਾਲ ਕੀਤੀ । 

Punjabi Bollywood Tadka
ਇਸ ਪਿਛੋਂ ਵਾਰੀ ਆਈ ਜਸਪਿੰਦਰ ਰਾਇਨਾਂ ਦੀ ਜੀਹਨੇ ਆਪਣੇ ਸੁਰੀਲੇ  ਬੋਲਾਂ ਨਾਲ ਸ੍ਰੋਤਿਆਂ ਨੂੰ ਮੰਤਰ ਮੁਗਧ ਕੀਤਾ। ਇਸ ਪਿੱਛੋਂ ਵਾਰੀ ਆਈ ਸੁਰੀਲੀ ਜੋੜੀ ਜਸਲੀਨ ਜੱਸੀ ਤੇ ਦੀਪ ਢਿੱਲੋਂ ਦੀ ਜਿਹਨਾਂ ਨੇ ਆਪਣੇ ਨਵੇਂ ਪੁਰਾਣੇਂ ਗੀਤਾ ਦੀ ਐਸੀ ਛਹਿਬਰ ਲਾਈ ਕਿ ਦਰਸ਼ਕ ਅੱਧਾ ਘੰਟਾ ਮਿਆਰੀ ਗਾਇਕੀ ਦਾ ਅਨੰਦ ਮਾਣਦੇ ਮਦਹੋਸ਼ ਹੋਏ ਕਿਸੇ ਵੱਖਰੀ ਮਸਤੀ ਵਿੱਚ ਨਜ਼ਰੀ ਪੈ ਰਹੇ ਸਨ।

Punjabi Bollywood Tadka
ਨਾਲ ਦੀ ਨਾਲ ਹਰਮਨ ਚਾਹਲ ਤੇ ਜੱਸ ਬਾਜਵਾ ਨੇ ਵੀ ਆਪਣੀ ਦਮਦਾਰ ਗਾਇਕੀ ਨਾਲ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ।ਅਖੀਰ ਵਿੱਚ ਇੰਤਜ਼ਾਰ ਦੀਆਂ ਘੜੀਆ ਖਤਮ ਹੋਈਆਂ ਤੇ ਤਰਸੇਂਮ ਜੱਸੜ ਨੇ ਆਪਣੇ  ਅੰਦਾਜ਼  ਵਿੱਚ  ਮੇਲੇ  ਨੂੰ  ਚਰਮ ਸੀਮਾਂ ਤੱਕ ਪਹੁੰਚਾਉਂਦਿਆਂ ਆਪਣੇ ਬਹੁ-ਚਰਚਤ ਗੀਤ ਗਾਕੇ ਐਸੀ ਭੰਗੜੇ ਦੀ ਧਮਾਲ ਪਾਈ ਕਿ ਪੰਡਾਲ ਅੰਦਰ ਬੈਠੇ ਹਰ ਪੰਜਾਬੀ ਦੇ ਪੱਬ ਢੋਲ ਦੇ ਡਗੇ ਤੇ ਥਿਰਕਦੇ ਮਹਿਸੂਸ ਹੋ ਰਹੇ ਸਨ। ਇਸ ਮੌਕੇ ਪੀਸੀਏ ਟੀਮ ਵੱਲੋਂ ਉੱਘੇ ਫਾਰਮਰ ਰਾਜ ਕਾਹਲੋਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ, ਤੁਹਾਨੂੰ ਯਾਦ ਹੋਣਾ ਕਿ ਇਹ ਓਹੀ ਰਾਜ ਕਾਹਲੋਂ ਹੈ ਜਿਸਨੇ ਅਮਰੀਕਾ ਦੀ ਹਿਸਟਰੀ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਦਾਨ ਪੰਜ ਮਿਲੀਅਨ ਡਾਲਰ ਯੂ ਸੀ ਮਰਸਿਡ ਨੂੰ ਦਿੱਤਾ 'ਤੇ ਉਹ ਫਰਿਜ਼ਨੋ ਸਟੇਟ ਯੂਨੀਵਰਸਿਟੀ ਵਿੱਚ ਵੀ ਸਿੱਖ ਚੇਅਰ ਸਥਾਪਿਤ ਕਰਨ ਲਈ ਕੋਸ਼ਿਸ਼ ਕਰ ਰਹੇ ਹਨ। 

Punjabi Bollywood Tadka
ਇੱਥੇ ਇਹ ਵੀ ਜਿਕਰਯੋਗ ਹੈ ਕਿ ਆਸ਼ਾ ਸ਼ਰਮਾ ਜਿਹੜੇ ਕਿ ਪਿਛਲੇ ਤਿੰਨ ਦਹਾਕਿਆਂ ਤੋਂ ਪੰਜਾਬੀ ਸਟੇਜਾਂ ਤੇ ਸਰਦਾਰੀ ਕਰਦੇ ਆ ਰਹੇ ਨੇ ਲੋਕੀਂ ਉਹਨਾਂ ਦੀ ਕਿੰਨੀ ਇੱਜ਼ਤ ਕਰਦੇ ਨੇ ਇਸ ਗੱਲ ਦਾ ਅੰਦਾਜ਼ਾ ਉਸ ਸਮੇਂ ਲੱਗਿਆ ਜਦੋਂ ਚਰਮ ਸੀਮਾਂ ਤੇ ਚੱਲ ਰਹੇ ਮੇਲੇ ਦੌਰਾਨ ਕੁਝ ਨੌਜਵਾਨ ਭੰਗੜਾ ਪਾਉਣ ਦੇ ਰੌਅ ਵਿੱਚ ਆ ਗਏ। ਆਸ਼ਾ ਸ਼ਰਮਾ ਨੇ ਬੜੇ ਅਦਬ ਨਾਲ ਸਮਝਾਇਆ ਤੇ ਉਹ ਉੱਥੇ ਹੀ ਬੈਠਕੇ ਸੁਣਨ ਲੱਗੇ। ਤਰਸੇਮ ਜੱਸੜ, ਜੱਸ ਬਾਜਵਾ ਆਦਿ ਨੌਜਵਾਨ ਮੁੰਡੇ ਸ਼ਾਇਦ ਆਸ਼ਾ ਜੀ ਦੇ ਅਮਰੀਕਾ ਆਉਣ ਤੋਂ ਬਾਅਦ ਜੰਮੇ ਹੋਣ ਪਰ ਜੋ ਮਾਣ ਸਤਿਕਾਰ ਚਾਹੇ ਉਹ ਗੁਰਦਾਸ ਮਾਨ ਹੋਵੇ ਚਾਹੇ ਤਰਸੇਮ ਜੱਸੜ ਆਸ਼ਾ ਸ਼ਰਮਾ ਨੂੰ ਸਟੇਜ ਤੇ ਮਿਲਦਾ।  ਇਹਦੇ ਮਗਰ ਸ਼ਾਇਦ ਉਹਨਾਂ ਦੀ ਤਿੰਨ ਦਹਾਕਿਆਂ ਦੀ ਮਿਹਨਤ ਦਾ ਕਮਾਲ ਹੈ। 

Punjabi Bollywood Tadka
ਇੰਡੀਅਨ ਕਬਾਬ ਪੈਲੇਸ ਰੈਸਟੋਰੈਂਟ ਵਾਲ਼ਿਆ ਵੱਲੋ ਲਾਇਆ ਗੰਨੇ ਦੇ ਰਸ ਅਤੇ ਜਲੇਬੀਆਂ ਦਾ ਸਟਾਲ ਦਰਸ਼ਕਾਂ ਲਈ ਖਾਸ ਖਿੱਚ ਦਾ ਕੇਂਦਰ ਰਿਹਾ।  ਖਾਲਸਾ ਏਡ ਦੇ ਸਟਾਲ ਤੇ ਵੀ ਦਰਸ਼ਕਾਂ ਦਾ ਤੰਤਾ ਲੱਗਿਆ ਨਜ਼ਰ ਆਇਆ। ਅਖੀਰ ਵਿੱਚ ਸਪਾਂਸਰ ਸੱਜਣਾ ਨੂੰ ਸਨਮਾਨ ਚਿੰਨ ਦਿੱਤੇ ਗਏ। ਮੇਲੇ ਵਿੱਚ ਲੱਗੇ ਖਰੀਦੋ ਫਰੋਖ਼ਤ ਅਤੇ ਖਾਣ ਪੀਣ ਦੇ ਸਟਾਲ ਪੰਜਾਬ ਦੇ ਕਿਸੇ ਵੱਡੇ ਸੱਭਿਆਚਾਰਿਕ ਮੇਲੇ ਦਾ ਭੁਲੇਖਾ ਪਾ ਰਹੇ ਸਨ। ਇਸ ਤਰਾਂ ਪੀਸੀਏ ਮੈਬਰਾਂ ਦੀ ਮਿਹਨਤ ਨਾਲ ਕਾਮਯਾਬੀ ਦੇ ਝੰਡੇ ਗੱਡਦਾ ਪੀਸੀਏ ਦਾ ਇਹ ਸੱਭਿਆਚਾਰਿਕ ਮੇਲਾ ਯਾਦਗਾਰੀ ਹੋ ਨਿੱਬੜਿਆ।
 


Tags: United StatesCaliforniaਸੱਭਿਆਚਾਰਿਕ ਮੇਲਾTarsem JassarDeep DhillonJaismine JassiMusic Update

Edited By

Lakhan

Lakhan is News Editor at Jagbani.