FacebookTwitterg+Mail

'ਪੰਜਾਬੀ ਵਿਰਸਾ' ਲੜੀ ਦਾ ਪਹਿਲਾ ਸ਼ੋਅ ਬਹੁਤ ਯਾਦਗਾਰੀ ਹੋ ਨਿੱਬੜਿਆ

punjabi virsa 2017
13 June, 2017 03:17:42 PM

ਲੰਡਨ— 'ਪੰਜਾਬੀ ਵਿਰਸਾ 2017' ਦੇ ਸ਼ੋਅਜ਼ ਦੇ ਸਿਲਸਿਲੇ 'ਚ ਇੰਗਲੈਂਡ ਪੁੱਜੇ ਵਾਰਿਸ ਭਰਾ ਆਪਣੀ ਗਾਇਕੀ ਨਾਲ ਇੰਗਲੈਂਡ ਵੱਸਦੇ ਪੰਜਾਬੀਆਂ ਨੂੰ ਝੂਮਣ ਲਈ ਮਜਬੂਰ ਕਰ ਰਹੇ ਹਨ। ਇਸ ਗੱਲ ਦਾ ਨਮੂਨਾ 'ਪੰਜਾਬੀ ਵਿਰਸਾ' ਲੜੀ ਦੇ ਪਹਿਲੇ ਸ਼ੋਅ ਦੌਰਾਨ ਲੀਡਸ ਦੇ ਪ੍ਰੀਮੀਅਰ ਬੈਨਕਿਊਟ ਹਾਲ 'ਚ ਕਰਵਾਏ ਗਏ ਸ਼ੋਅ ਦੌਰਾਨ ਦੇਖਣ ਨੂੰ ਮਿਲਿਆ, ਜਿਥੇ ਵਾਰਿਸ ਭਰਾਵਾਂ ਨੂੰ ਸੁਣਨ ਲਈ ਹਜ਼ਾਰਾਂ ਦੀ ਗਿਣਤੀ 'ਚ ਪਹੁੰਚੇ ਦਰਸ਼ਕਾਂ ਦਾ ਉਤਸ਼ਾਹ ਦੇਖਣ ਵਾਲਾ ਸੀ। 'ਪੰਜਾਬੀ ਵਿਰਸਾ' ਸ਼ੋਅ ਨੂੰ ਦੁਨੀਆ ਭਰ 'ਚ ਹੁੰਦੇ ਪਰਿਵਾਰਕ ਸ਼ੋਅਜ਼ ਦਾ ਸਿਰਮੌਰ ਸ਼ੋਅ ਮੰਨਿਆ ਜਾਂਦਾ ਹੈ, ਇਹੀ ਕਾਰਨ ਹੈ ਕਿ ਇਸ ਸ਼ੋਅ ਨੂੰ ਦੇਖਣ ਲਈ ਬਹੁਤ ਵੱਡੀ ਗਿਣਤੀ 'ਚ ਦਰਸ਼ਕ ਆਪਣੇ ਪਰਿਵਾਰਾਂ ਨਾਲ ਪਹੁੰਚੇ ਹੋਏ ਸਨ, ਜਿਥੇ ਦਰਸ਼ਕਾਂ ਨੂੰ ਬਹੁਤ ਹੀ ਮਿਆਰੀ ਗਾਇਕੀ, ਚੰਗੀ ਸ਼ਾਇਰੀ ਤੇ ਪੰਜਾਬੀਅਤ ਨਾਲ ਰੰਗੇ ਵੱਖ-ਵੱਖ ਰੰਗ ਦੇਖਣ ਨੂੰ ਮਿਲੇ।
ਨਿਰਧਾਰਤ ਸਮੇਂ 'ਤੇ ਸ਼ੋਅ ਦੀ ਸ਼ੁਰੂਆਤ ਪਲਾਜ਼ਮਾਂ ਰਿਕਾਰਡਸ ਦੇ ਐੱਮ. ਡੀ. ਦੀਪਕ ਬਾਲੀ ਨੇ ਕੀਤੀ ਤੇ ਉਨ੍ਹਾਂ ਨੇ ਵਾਰਿਸ ਭਰਾਵਾਂ ਨੂੰ ਦਰਸ਼ਕਾਂ ਦੇ ਰੂ-ਬ-ਰੂ ਕਰਵਾਇਆ। ਤਿੰਨਾਂ ਭਰਾਵਾਂ ਨੇ ਰੱਬ ਦਾ ਸ਼ੁਕਰਾਨਾ ਕਰਨ ਤੋਂ ਬਾਅਦ 'ਜੰਗ ਜਾਰੀ ਰੱਖਿਓ' ਗੀਤ ਗਾ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਬਾਅਦ 'ਚ ਸੰਗਤਾਰ ਨੇ ਮਾਈਕ ਸੰਭਾਲਿਆ ਤੇ ਹਾਜ਼ਰੀਨ ਨਾਲ ਸ਼ੇਅਰ-ਓ-ਸ਼ਾਇਰੀ ਦਾ ਸਿਲਸਿਲਾ ਸ਼ੁਰੂ ਕਰਦਿਆਂ ਆਪਣਾ ਗੀਤ ਪੇਸ਼ ਕੀਤਾ। ਇਸ ਤੋਂ ਬਾਅਦ ਵਾਰੀ ਆਈ ਕਮਲ ਹੀਰ ਦੀ। ਕਮਲ ਨੇ ਸੱਤ-ਅੱਠ ਨਵੇਂ ਤੇ ਪੁਰਾਣੇ ਗੀਤ ਗਾ ਕੇ ਹਾਜ਼ਿਰ ਸਰੋਤਿਆ ਨੂੰ ਕੀਲਿਆ। ਸ਼ੋਅ ਦੇ ਅਖੀਰ 'ਚ ਵਾਰੀ ਆਈ ਆਪਣੀ ਬੁਲੰਦ ਆਵਾਜ਼ ਨਾਲ 'ਖਾਧੀਆਂ ਖੁਰਾਕਾਂ ਕੰਮ ਆਉਣੀਆਂ', 'ਧੀਆਂ ਬਚਾਓ, ਰੁੱਖ ਲਗਾਓ, ਪਾਣੀ ਦਾ ਸਤਿਕਾਰ ਕਰੋ' ਆਦਿ ਸਾਹਿਤਕ ਤੇ ਸੱਭਿਆਚਾਰਕ ਗੀਤ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਉਣ ਵਾਲੇ ਤੇ ਪੰਜਾਬੀ ਲੋਕ ਗਾਇਕੀ ਦੇ ਵਾਰਿਸ ਕਹਾਉਂਦੇ ਪ੍ਰਸਿੱਧ ਲੋਕ ਗਾਇਕ ਮਨਮੋਹਨ ਵਾਰਿਸ ਦੀ।
ਸਟੇਜ ਸੰਭਾਲਣ ਤੋਂ ਬਾਅਦ ਮਨਮੋਹਨ ਵਾਰਿਸ ਨੇ 'ਕਿਤੇ ਕੱਲੀ ਬਹਿ ਕੇ ਸੋਚੀ ਨੀਂ', 'ਮਹਿਸੂਸ ਹੋ ਰਿਹਾ ਏ', 'ਬਨੇਰਾ ਚੇਤੇ ਆ ਗਿਆ' ਸਮੇਤ ਹੋਰ ਕਈ ਨਵੇਂ ਤੇ ਪੁਰਾਣੇ ਗੀਤਾਂ ਨਾਲ ਮਾਹੌਲ ਨੂੰ ਪੂਰੀ ਤਰ੍ਹਾਂ ਭਖਾ ਦਿੱਤਾ। ਇਸ ਮੌਕੇ ਸ਼ੋਅ ਦੇ ਮੁੱਖ ਪ੍ਰਬੰਧਕ ਰਾਣਾ ਭਾਣੋਕੀ ਤੇ ਟੋਨੀ ਬੈਂਸ, ਅਮਰਜੀਤ ਧਾਮੀ, ਪਿੰਦੂ ਜੌਹਲ, ਸਤਨਾਮ ਸਿੰਘ ਭਾਣੋਕੀ, ਸਤਨਾਮ ਸਿੰਘ ਪਾਹੜਾ ਤੇ ਕੁੱਕੂ ਓਬਰਾਏ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। ਇਸ ਲੜੀ ਤਹਿਤ ਇਹ ਸ਼ੋਅ ਇੰਗਲੈਂਡ ਦੇ ਵੱਖ-ਵੱਖ ਸ਼ਹਿਰਾਂ 'ਚ 16 ਜੂਨ ਨੂੰ ਵਟਫੋਰਡ, 17 ਜੂਨ ਨੂੰ ਬਰਮਿੰਘਮ, 18 ਜੂਨ ਨੂੰ ਗਰੈਵਜ਼ਲੈਂਡ, 25 ਜੂਨ ਨੂੰ ਲੈਸਟਰ, 29 ਜੂਨ ਨੂੰ ਲਮਿੰਗਟਨਸਪਾ ਤੇ ਇਸ ਲੜੀ ਦਾ ਅਖੀਰਲਾ ਸ਼ੋਅ 3 ਜੁਲਾਈ ਨੂੰ ਗਲਾਸਗੋ 'ਚ ਹੋਵੇਗਾ।


Tags: Punjabi Virsa 2017 Manmohan Waris Kamal Heer Sangtar ਪੰਜਾਬੀ ਵਿਰਸਾ 2017 ਮਨਮੋਹਨ ਵਾਰਿਸ ਕਮਲ ਹੀਰ ਸੰਗਤਾਰ