FacebookTwitterg+Mail

ਵਾਰਿਸ ਭਰਾਵਾਂ ਵਲੋਂ ਕੈਨਬਰਾ 'ਚ ਕੀਤਾ ਗਿਆ 'ਪੰਜਾਬੀ ਵਿਰਸਾ ਸ਼ੋਅ' ਯਾਦਗਾਰੀ ਹੋ ਨਿੱਬੜਿਆ

punjabi virsa 2017
27 August, 2017 09:15:37 AM

ਜਲੰਧਰ— ਪੰਜਾਬੀ ਵਿਰਸਾ 2017 ਦੇ ਸ਼ੋਆਂ ਦੇ ਸਿਲਸਿਲੇ ਵਿਚ ਆਸਟ੍ਰੇਲੀਆ ਪੁੱਜੇ ਸਾਫ-ਸੁਥਰੀ ਗਾਇਕੀ ਦੇ ਪਹਿਰੇਦਾਰ ਤੇ ਦੁਨੀਆ ਭਰ ਦੇ ਵੱਖ-ਵੱਖ ਦੇਸ਼ਾਂ ਵਿਚ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਫੈਲਾਉਣ ਵਾਲੇ ਵਾਰਿਸ ਭਰਾਵਾਂ ਮਨਮੋਹਨ ਵਾਰਿਸ, ਕਮਲ ਹੀਰ ਤੇ ਸੰਗਤਾਰ ਦੁਆਰਾ ਆਸਟ੍ਰੇਲੀਆ ਦੇ ਸ਼ਹਿਰ ਕੈਨਬਰਾ ਦੇ ਕੁਈਨ ਬੀਅਨ ਆਡੀਟੋਰੀਅਮ ਵਿਚ ਹੋਏ ਸ਼ੋਅ ਦੌਰਾਨ ਵਾਰਿਸ ਭਰਾਵਾਂ ਦੀ ਗਾਇਕੀ ਦਾ ਜਾਦੂ ਦਰਸ਼ਕਾਂ ਦੇ ਸਿਰ ਚੜ੍ਹ ਬੋਲਿਆ। ਵਧੀਆ ਪ੍ਰਬੰਧਾਂ ਅਤੇ ਦਰਸ਼ਕਾਂ ਦੀ ਭਾਰੀ ਖਿੱਚ ਹੋਣ ਕਾਰਨ ਇਹ ਸ਼ੋਅ ਯਾਦਗਾਰੀ ਹੋ ਨਿੱਬੜਿਆ। ਇਸ ਸ਼ੋਅ ਦਾ ਆਯੋਜਨ ਰਿੱਕੀ ਕੁਮਾਰ ਤੇ ਵੈਭਵ ਕਪੂਰ ਵਲੋਂ ਕੀਤਾ ਗਿਆ, ਇਸ ਸ਼ੋਅ ਦੌਰਾਨ ਦਰਸ਼ਕਾਂ ਨੇ ਵਾਰਿਸ ਭਰਾਵਾਂ ਦੀ ਗਾਇਕੀ ਦਾ ਭਰਪੂਰ ਆਨੰਦ ਮਾਣਿਆ। ਨਿਰਧਾਰਤ ਸਮੇਂ 'ਤੇ ਮਨਮੋਹਨ ਵਾਰਿਸ, ਕਮਲ ਹੀਰ ਤੇ ਸੰਗਤਾਰ ਸਟੇਜ 'ਤੇ ਆਏ ਤਾਂ ਸਟੇਜ 'ਤੇ ਆਉਂਦਿਆਂ ਹੀ ਤਿੰਨਾਂ ਭਰਾਵਾਂ ਨੇ ਸਭ ਤੋਂ ਪਹਿਲਾ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਕਿਸਾਨਾਂ ਦੀਆਂ ਆਰਥਿਕ ਤੰਗੀਆਂ ਕਾਰਨ ਖੁਦਕੁਸ਼ੀਆਂ ਦੇ ਦੁਖਾਂਤ ਦੇ ਦਰਦ ਨੂੰ ਬਿਆਨਦਾ ਗੀਤ 'ਚਿੱਟੇ ਮੱਛਰ ਨੇ ਖਾ ਲਏ ਸਾਡੇ ਨਰਮੇ, ਫਾਹੇ ਦੀਆਂ ਰੱਸੀਆਂ ਕਿਸਾਨ ਖਾ ਲਿਆ' ਪੇਸ਼ ਕੀਤਾ। ਬਾਅਦ 'ਚ ਸੰਗਤਾਰ ਨੇ ਮਾਈਕ ਸੰਭਾਲਿਆ ਤੇ ਹਾਜ਼ਰੀਨ ਨਾਲ ਸ਼ੇਅਰੋ ਸ਼ਾਇਰੀ ਦਾ ਸਿਲਸਿਲਾ ਸ਼ੁਰੂ ਕਰਦਿਆਂ ਗੀਤ ਪੇਸ਼ ਕੀਤੇ, ਇਸ ਤੋਂ ਬਾਅਦ ਵਾਰੀ ਆਈ ਕਮਲ ਹੀਰ ਦੀ। ਸ਼ੋਅ ਦੇ ਅਖੀਰ ਵਿਚ ਵਾਰੀ ਆਈ ਪੰਜਾਬੀ ਲੋਕ ਗਾਇਕੀ ਦੇ ਵਾਰਿਸ ਕਹਾਉਂਦੇ ਪ੍ਰਸਿੱਧ ਲੋਕ ਗਾਇਕ ਮਨਮੋਹਨ ਵਾਰਿਸ ਦੀ। ਸਟੇਜ ਸੰਭਾਲਣ ਤੋਂ ਬਾਅਦ ਮਨਮੋਹਨ ਵਾਰਿਸ ਨੇ ਆਪਣਾ ਨਵਾਂ ਗੀਤ 'ਮਾਂ ਬੁਲਾਉਂਦੀ ਆ'। ਉਸ ਤੋਂ ਬਾਦ 'ਮੈਨੂੰ ਮੇਰੇ ਘਰ ਦਾ ਬਨੇਰਾ ਚੇਤੇ ਆ ਗਿਆ', 'ਚੀਨਾ ਜੱਟ ਦਾ ਬਨੇਰੇ 'ਤੇ', 'ਸੱਜਣਾ ਦੀ ਫੁਲਕਾਰੀ ਦੇ', 'ਸੱਚ ਨਹੀਂ ਦੱਸਦੀ' ਸਮੇਤ ਹੋਰ ਕਈ ਨਵੇਂ ਤੇ ਪੁਰਾਣੇ ਗੀਤਾਂ ਨਾਲ ਮਾਹੌਲ ਨੂੰ ਪੂਰੀ ਤਰ੍ਹਾਂ ਭਖਾ ਦਿੱਤਾ। 
ਸਮਾਪਤੀ ਮੌਕੇ ਪ੍ਰਬੰਧਕਾਂ ਵਲੋਂ ਤਿੰਨਾਂ ਭਰਾਵਾਂ ਨੂੰ ਗਾਇਕੀ ਵਿਚ ਉਨ੍ਹਾਂ ਵਲੋਂ ਪਾਏ ਵਿਸ਼ੇਸ਼ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ 'ਤੇ ਪਲਾਜ਼ਮਾ ਰਿਕਾਰਡਜ਼ ਦੇ ਐੱਮ. ਡੀ. ਦੀਪਕ ਬਾਲੀ ਵਿਸ਼ੇਸ਼ ਰੂਪ ਵਿਚ ਹਾਜ਼ਰ ਸਨ।


Tags: Punjabi Virsa 2017Manmohan Waris Kamal Heer SangtarCanberraਪੰਜਾਬੀ ਵਿਰਸਾ 2017ਮਨਮੋਹਨ ਵਾਰਿਸ ਕਮਲ ਹੀਰ ਸੰਗਤਾਰ