FacebookTwitterg+Mail

ਮਹੇਸ਼ ਭੱਟ ਦੇ ਕਤਲ ਦੀ ਕੋਸ਼ਿਸ਼ 'ਚ ਲੋੜੀਂਦੇ ਨੂੰ ਅਮਰੀਕਾ ਨੇ ਕੀਤਾ ਭਾਰਤ ਹਵਾਲੇ

us deports indian national accused in plot to murder mahesh bhatt
03 April, 2019 10:32:00 PM

ਨਿਊਯਾਰਕ— ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਮਹੇਸ਼ ਭੱਟ ਦੀ ਹੱਤਿਆ ਦੀ ਸਾਜ਼ਿਸ਼ ਰਚਣ ਦੇ ਮਾਮਲੇ 'ਚ ਲੋੜੀਂੰਦੇ ਭਾਰਤੀ ਅਪਰਾਧੀ ਓਬੈਦੁੱਲਾ ਅਬਦੁੱਲਰਾਸ਼ਿਦ ਰੇਡੀਓਵਾਲਾ ਨੂੰ ਅਮਰੀਕਾ ਨੇ ਭਾਰਤ ਹਵਾਲੇ ਕਰ ਦਿੱਤਾ ਹੈ। ਇਮੀਗ੍ਰੇਸ਼ਨ ਜੱਜ ਦੇ ਹੁਕਮ ਤੋਂ ਬਾਅਦ 46 ਸਾਲਾ ਰੇਡੀਓਵਾਲਾ ਨੂੰ ਇਥੇ ਭਾਰਤੀ ਅਧਿਕਾਰੀਆਂ ਨੂੰ ਸੌਂਪ ਦਿੱਤਾ ਗਿਆ। ਉਸ ਨੇ 2014 'ਚ ਭੱਟ ਦੀ ਹੱਤਿਆ ਦੀ ਸਾਜ਼ਿਸ਼ ਰਚੀ ਸੀ। ਉਸ 'ਤੇ ਫਿਲਮਕਾਰ ਕਰੀਮ ਮੋਰੀਨੀ 'ਤੇ ਗੋਲੀ ਚਲਾਉਣ ਦਾ ਦੋਸ਼ ਹੈ। 

ਉਬੈਦ ਰੇਡਿਓਵਾਲਾ ਦੇ ਨਾਂ ਨਾਲ ਚਰਚਿਤ ਇਸ ਅਪਰਾਧੀ 'ਤੇ ਹੱਤਿਆ ਦੀ ਕੋਸ਼ਿਸ਼, ਚੋਰੀ, ਜ਼ਬਰਨ ਵਸੂਲੀ ਤੇ ਗੈਰ-ਕਾਨੂੰਨੀ ਹਥਿਆਰ ਰੱਖਣ ਦੇ ਕਈ ਮਾਮਲੇ ਚੱਲ ਰਹੇ ਹਨ। 2015 'ਚ ਸੀ.ਬੀ.ਆਈ. ਦੀ ਅਪੀਲ 'ਤੇ ਇੰਟਰਪੋਲ ਨੇ ਉਸ ਦੇ ਖਿਲਾਫ ਨੋਟਿਸ ਜਾਰੀ ਕੀਤਾ ਸੀ। ਇਸ ਤੋਂ ਪਹਿਲਾਂ ਮਹਾਰਾਸ਼ਟਰ ਦੀ ਮਕੋਕਾ ਅਦਾਲਤ ਨੇ ਉਸ ਦੇ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਸੀ। ਅਮਰੀਕਾ 'ਚ ਗੈਰ-ਕਾਨੂੰਨੀ ਰੂਪ ਨਾਲ ਰਹਿ ਰਹੇ ਰੇਡੀਓਵਾਲਾ ਨੂੰ ਸਤੰਬਰ 2017 'ਚ ਗ੍ਰਿਫਤਾਰ ਕੀਤਾ ਗਿਆ ਸੀ।

ਬਾਅਦ 'ਚ ਇਮੀਗ੍ਰੇਸ਼ਨ ਅਦਾਲਤ ਨੇ ਉਸ ਨੂੰ ਭਾਰਤ ਨੂੰ ਸੌਂਪੇ ਜਾਣ ਦਾ ਹੁਕਮ ਦਿੱਤਾ। ਯੂ.ਐੱਸ. ਇਮੀਗ੍ਰੇਸ਼ਨ ਐਂਡ ਕਸਟਮ ਇਫੋਰਸਮੈਂਟ ਨੇ ਕਿਹਾ ਹੈ ਕਿ ਰੇਡੀਓਵਾਲਾ 'ਤੇ ਅਪਰਾਧ ਦੇ ਲਈ ਉਕਸਾਉਣ, ਸਾਜ਼ਿਸ਼ ਰਚਣ ਤੇ ਸੰਗਠਿਤ ਅਪਰਾਧ ਸਿੰਡੀਕੇਟ ਬਣਾਉਣ ਲਈ ਇੰਟਰਨੈੱਟ ਰਾਹੀਂ ਸੂਚਨਾ ਪ੍ਰਸਾਰਿਤ ਕਰਨ ਦਾ ਵੀ ਦੋਸ਼ ਹੈ। ਉਸ 'ਤੇ ਲੱਗੇ ਦੋਸ਼ਾਂ ਨਾਲ ਸਪੱਸ਼ਟ ਹੈ ਕਿ ਉਹ ਅਮਰੀਕੀ ਲੋਕਾਂ ਲਈ ਵੀ ਖਤਰਾ ਸੀ।


Tags: Bollywood Mahesh Bhatt wanted India ਬਾਲੀਵੁੱਡ ਮਹੇਸ਼ ਭੱਟ ਲੋੜੀਂਦੇ ਭਾਰਤ ਹਵਾਲੇ

About The Author

Baljit Singh

Baljit Singh is content editor at Punjab Kesari