FacebookTwitterg+Mail

ਟੀ. ਵੀ. ਦੇ 'ਰਾਮ' 'ਤੇ ਲੱਗਾ ਬਾਲੀਵੁੱਡ 'ਚ ਕੰਮ ਦਿਵਾਉਣ ਦੇ ਨਾਂ 'ਤੇ ਲੱਖਾਂ ਦੀ ਠੱਗੀ ਦਾ ਦੋਸ਼

gurmeet choudhary
04 June, 2018 08:53:27 PM

ਮੁੰਬਈ (ਬਿਊਰੋ)— ਟੀ. ਵੀ. ਦੇ 'ਰਾਮ' ਦੇ ਨਾਂ ਨਾਲ ਪ੍ਰਸਿੱਧ ਅਭਿਨੇਤਾ ਗੁਰਮੀਤ ਚੌਧਰੀ ਤੇ ਉਸ ਦੀ ਪਤਨੀ ਦੇਬੀਨਾ ਬੈਨਰਜੀ 'ਤੇ ਇਕ ਸ਼ਖਸ ਨੇ ਠੱਗੀ ਦਾ ਦੋਸ਼ ਲਗਾਇਆ ਹੈ। ਗੁਰਮੀਤ ਖਿਲਾਫ ਰਾਜਸਥਾਨ ਦੇ ਨੋਖਾ 'ਚ ਮਾਮਲਾ ਦਰਜ ਕਰ ਲਿਆ ਗਿਆ ਹੈ। ਗੁਰਮੀਤ ਤੇ ਉਸ ਦੀ ਪਤਨੀ ਦੇਬੀਨਾ ਨੂੰ ਇਸ ਦੀ ਜਾਣਕਾਰੀ ਉਦੋਂ ਲੱਗੀ, ਜਦੋਂ ਪੁਲਸ ਨੇ ਉਨ੍ਹਾਂ ਨੂੰ ਥਾਣੇ 'ਚ ਹਾਜ਼ਰ ਹੋਣ ਲਈ ਸੰਮਨ ਭੇਜਿਆ। ਸ਼ਿਕਾਇਤਕਰਤਾ ਦਾ ਦੋਸ਼ ਹੈ ਕਿ ਗੁਰਮੀਤ ਤੇ ਦੇਬੀਨਾ ਨੇ ਉਸ ਨੂੰ ਬਾਲੀਵੁੱਡ 'ਚ ਕੰਮ ਦਿਵਾਉਣ ਦੇ ਨਾਂ 'ਤੇ 11 ਲੱਖ ਰੁਪਏ ਲਏ ਤੇ ਬਾਅਦ 'ਚ ਮੁੱਕਰ ਗਏ। ਹਾਲਾਂਕਿ ਗੁਰਮੀਤ ਨੇ ਇਸ ਮਾਮਲੇ 'ਚ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਹੈ ਪਰ ਟਵੀਟ ਕਰਕੇ ਇਹ ਦੱਸਿਆ ਹੈ ਕਿ ਕੋਈ ਉਨ੍ਹਾਂ ਦੇ ਨਾਂ ਦੀ ਗਲਤ ਵਰਤੋਂ ਕਰ ਰਿਹਾ ਹੈ। ਗੁਰਮੀਤ ਨੇ ਇਸ ਮਾਮਲੇ ਦੀ ਜਾਣਕਾਰੀ ਪੁਲਸ ਨੂੰ ਵੀ ਦਿੱਤੀ ਹੈ।
ਮਾਮਲੇ ਦੀ ਜਾਂਚ ਕਰ ਰਹੀ ਰਾਜਸਥਾਨ ਪੁਲਸ ਦੇ ਇਕ ਅਧਿਕਾਰੀ ਮੁਤਾਬਕ ਸ਼ਿਕਾਇਤਕਰਤਾ ਦਾ ਦਾਅਵਾ ਹੈ ਕਿ ਉਸ ਦੀ ਦੋਸਤੀ ਗੁਰਮੀਤ ਤੇ ਦੇਬੀਨਾ ਨਾਲ ਫੇਸਬੁੱਕ 'ਤੇ ਹੋਈ ਸੀ ਤੇ ਫੋਨ 'ਤੇ ਵੀ ਕਈ ਵਾਰ ਗੱਲਬਾਤ ਹੋਈ। ਦੋਵਾਂ ਨੇ ਇਸ ਗੱਲ ਦਾ ਉਸ ਨੂੰ ਭਰੋਸਾ ਦਿਵਾਇਆ ਸੀ ਕਿ ਉਹ ਉਸ ਨੂੰ ਬਾਲੀਵੁੱਡ 'ਚ ਕੰਮ ਦਿਵਾਉਣਗੇ। ਫਿਰ ਵੱਖ-ਵੱਖ ਤਰੀਕਾਂ 'ਤੇ ਪੈਸੇ ਖਾਤੇ 'ਚ ਜਮ੍ਹਾ ਕਰਵਾਉਣ ਲਈ ਕਿਹਾ ਗਿਆ। ਜਦੋਂ ਉਸ ਨੇ ਪੈਸੇ ਦੇ ਦਿੱਤੇ ਤਾਂ ਦੋਵਾਂ ਨੇ ਉਸ ਦਾ ਫੋਨ ਚੁੱਕਣਾ ਬੰਦ ਕਰ ਦਿੱਤਾ।
ਗੁਰਮੀਤ ਨੂੰ ਜਿਵੇਂ ਹੀ ਇਸ ਬਾਰੇ ਜਾਣਕਾਰੀ ਮਿਲੀ, ਉਨ੍ਹਾਂ ਨੇ ਮੁੰਬਈ ਪੁਲਸ 'ਚ ਇਸ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ। ਆਪਣੀ ਸ਼ਿਕਾਇਤ 'ਚ ਗੁਰਮੀਤ ਨੇ ਕਿਹਾ ਹੈ ਕਿ ਉਹ ਅਜਿਹੇ ਕਿਸੇ ਸ਼ਖਸ ਨੂੰ ਨਹੀਂ ਜਾਣਦੇ, ਜਿਸ ਨੇ ਉਨ੍ਹਾਂ ਦੇ ਖਾਤੇ 'ਚ ਪੈਸੇ ਜਮ੍ਹਾ ਕਰਵਾਏ ਹਨ। ਉਨ੍ਹਾਂ ਨੂੰ ਸ਼ੱਕ ਹੈ ਕਿ ਕੁਝ ਲੋਕਾਂ ਨੇ ਉਨ੍ਹਾਂ ਦੇ ਨਾਂ ਦੀ ਗਲਤ ਵਰਤੋਂ ਕੀਤੀ ਹੈ। ਗੁਰਮੀਤ ਨੇ ਟਵੀਟ ਕਰਕੇ ਦੱਸਿਆ ਕਿ ਉਨ੍ਹਾਂ ਦੀ ਸ਼ਿਕਾਇਤ ਦੇ ਬਾਵਜੂਦ ਵੀ ਪੁਲਸ ਵਲੋਂ ਕੋਈ ਐਕਸ਼ਨ ਨਹੀਂ ਲਿਆ ਜਾ ਰਿਹਾ ਹੈ।


Tags: Gurmeet Choudhary Debina Bonnerjee FIR Fraud Ram

Edited By

Rahul Singh

Rahul Singh is News Editor at Jagbani.