ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਸੰਜੇ ਦੱਤ ਦੀ ਮਸ਼ਹੂਰ ਫਿਲਮ 'ਲਗੇ ਰਹੋ ਮੁੰਨਾਭਾਈ' 'ਚ ਕੰਮ ਕਰ ਚੁੱਕੇ ਮਰਾਠੀ ਐਕਟਰ ਡਾਕਟਰ ਹੇਮੂ ਅਧਿਕਾਰੀ ਦਾ ਬੀਤੇ ਸੋਮਵਾਰ ਦਿਹਾਂਤ ਹੋ ਗਿਆ। ਉਨ੍ਹਾਂ ਦੀ ਉਮਰ 81 ਸਾਲ ਦੀ ਸੀ। ਪਿਛਲੇ ਡੇਢ ਸਾਲ ਤੋਂ ਉਹ ਫੇਫੜਿਆਂ 'ਚ ਹੋਈ ਇਨਫੈਕਸ਼ਨ ਤੋਂ ਪਰੇਸ਼ਾਨ ਸੀ। ਉਨ੍ਹਾਂ ਦੇ ਪਰਿਵਾਰ 'ਚ ਪਤਨੀ ਤੋਂ ਇਲਾਵਾ ਦੋ ਬੇਟੀਆਂ ਤੇ ਇਕ ਬੇਟਾ ਹੈ। ਡਾਕਟਰ ਅਧਿਕਾਰੀ ਮਰਾਠੀ ਥਿਏਟਰ ਦੇ ਮਸ਼ਹੂਰ ਅਦਾਕਾਰ ਸਨ। ਉਨ੍ਹਾਂ ਨੇ 45 ਨਾਟਕਾਂ ਤੋਂ ਇਲਾਵਾ ਹਿੰਦੀ ਤੇ ਮਰਾਠੀ ਦੀਆਂ 14 ਫਿਲਮਾਂ ਤੇ 7 ਟੀ. ਵੀ. ਸੀਰੀਅਲਾਂ 'ਚ ਵੀ ਕੰਮ ਕੀਤਾ ਹੈ।
'ਲਗੇ ਰਹੋ ਮੁੰਨਾਭਾਈ' 'ਚ ਕੀਤਾ ਸੀ ਰਿਟਾਇਰਡ ਅਧਿਆਪਕ ਦਾ ਕਿਰਦਾਰ
ਸਾਲ 2006 'ਚ ਆਈ ਰਾਜੂ ਹਿਰਾਨੀ ਦੀ ਫਿਲਮ 'ਲਗੇ ਰਹੋ ਮੁੰਨਾਭਾਈ' 'ਚ ਹੇਮੂ ਨੇ ਇਕ ਰਿਟਾਇਰਡ ਅਧਿਆਪਕ ਦਾ ਕਿਰਦਾਰ ਨਿਭਾਇਆ ਸੀ। ਉਸ ਦਾ ਇਹ ਕਿਰਦਾਰ ਲੋਕਾਂ ਨੂੰ ਅੱਜ ਵੀ ਯਾਦ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸਾਲ 1988 'ਚ ਆਈ ਨਾਨਾ ਪਾਟੇਕਰ ਦੀ ਫਿਲਮ 'ਵਜੂਦ' 'ਚ ਵੀ ਕੰਮ ਕੀਤਾ ਹੈ। ਉਨ੍ਹਾਂ ਨੇ ਅਮੋਲ ਪਾਲੇਕਰ ਨਾਲ ਬਾਦਲ ਸਰਕਾਰ ਦੇ ਪਲੇਅ 'ਜੁਲੂਸ' ਲਈ ਖਾਸ ਤੌਰ 'ਤੇ ਜਾਣਿਆ ਜਾਂਦਾ ਹੈ। ਹੇਮੂ ਨੇ ਮਰਾਠੀ ਥਿਏਟਰ 'ਤੇ ਇਕ ਕਿਤਾਬ ਵੀ ਲਿਖੀ ਹੈ, ਜਿਸ ਦਾ ਨਾਂ 'ਨਾਟਯ ਵਿਗਿਆਨ ਸਮੋਜਨ' ਹੈ।