ਜਲੰਧਰ (ਬਿਊਰੋ)— ਜੀ ਹਾਂ, ਤੁਸੀਂ ਬਿਲਕੁਲ ਸਹੀ ਸੁਣਿਆ। ਕਰਮਜੀਤ ਅਨਮੋਲ ਨੇ ਜਸਵਿੰਦਰ ਭੱਲਾ ਤੇ ਉਪਾਸਨਾ ਸਿੰਘ ਵਿਚਾਲੇ ਵੈਰ ਪਵਾ ਦਿੱਤਾ ਹੈ। ਹਾਲਾਂਕਿ ਇਹ ਵੈਰ ਅਸਲ ਜ਼ਿੰਦਗੀ 'ਚ ਨਹੀਂ, ਸਗੋਂ ਫਿਲਮ 'ਚ ਪਿਆ ਹੈ। ਦਰਅਸਲ 'ਕੈਰੀ ਆਨ ਜੱਟਾ 2' ਫਿਲਮ ਦਾ ਨਵਾਂ ਡਾਇਲਾਗ ਪ੍ਰੋਮੋ ਰਿਲੀਜ਼ ਹੋਇਆ ਹੈ। ਇਸ ਡਾਇਲਾਗ ਪ੍ਰੋਮੋ 'ਚ ਜਸਵਿੰਦਰ ਭੱਲਾ, ਉਪਾਸਨਾ ਸਿੰਘ ਤੇ ਕਰਮਜੀਤ ਅਨਮੋਲ ਨਜ਼ਰ ਆ ਰਹੇ ਹਨ। ਪ੍ਰੋਮੋ ਕਾਫੀ ਫਨੀ ਹੈ ਤੇ ਇਸ 'ਚ ਕਰਮਜੀਤ ਅਨਮੋਲ ਦੇ ਗੱਲ ਕਰਨ ਦਾ ਲਹਿਜ਼ਾ ਵੀ ਸ਼ਾਨਦਾਰ ਹੈ।
ਦੱਸਣਯੋਗ ਹੈ ਕਿ 'ਕੈਰੀ ਆਨ ਜੱਟਾ 2' ਫਿਲਮ 'ਚ ਗਿੱਪੀ ਗਰੇਵਾਲ, ਸੋਨਮ ਬਾਜਵਾ, ਬੀਨੂੰ ਢਿੱਲੋਂ, ਜਸਵਿੰਦਰ ਭੱਲਾ, ਬੀ. ਐੱਨ. ਸ਼ਰਮਾ, ਉਪਾਸਨਾ ਸਿੰਘ, ਕਰਮਜੀਤ ਅਨਮੋਲ ਤੇ ਜਯੋਤੀ ਸੇਠੀ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫਿਲਮ ਸਮੀਪ ਕੰਗ ਨੇ ਡਾਇਰੈਕਟ ਕੀਤੀ ਹੈ ਤੇ ਇਸ ਦੇ ਮਜ਼ੇਦਾਰ ਡਾਇਲਾਗਸ ਨਰੇਸ਼ ਕਥੂਰੀਆ ਨੇ ਲਿਖੇ ਹਨ। ਦੇਸ਼-ਵਿਦੇਸ਼ਾਂ 'ਚ ਫਿਲਮ 1 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ, ਜਿਸ ਦੀ ਦਰਸ਼ਕ ਬੇਸਬਰੀ ਨਾਲ ਉਡੀਕ ਕਰ ਰਹੇ ਹਨ।