FacebookTwitterg+Mail

ਜਿਮ ਸਰਭ ਦੇ 'ਰੇਪ ਜੌਕ' 'ਤੇ ਖੁੱਲ੍ਹ ਕੇ ਹੱਸਣ ਮਗਰੋਂ ਲੋਕਾਂ ਦੇ ਨਿਸ਼ਾਨੇ 'ਤੇ ਆਈ ਕੰਗਨਾ ਰਣੌਤ

kangana ranaut jim sarbh
18 May, 2018 02:51:54 PM

ਮੁੰਬਈ (ਬਿਊਰੋ)— ਕੰਗਨਾ ਰਣੌਤ ਬਾਲੀਵੁੱਡ 'ਚ 'ਨੇਪੋਟਿਜ਼ਮ' (ਪਰਿਵਾਰਵਾਦ) ਵਰਗੇ ਮੁੱਦਿਆਂ ਤੋਂ ਲੈ ਕੇ ਫੇਅਰਨੈੱਸ ਕਰੀਮ ਦੇ ਇਸ਼ਤਿਹਾਰਾਂ ਤੋਂ ਦੂਰੀ ਬਣਾਉਣ ਤੇ ਮਹਿਲਾਵਾਂ ਦੇ ਅਧਿਕਾਰਾਂ ਲਈ ਗੱਲ ਕਰਨ ਤਕ ਕਈ ਵਿਸ਼ਿਆਂ 'ਤੇ ਬੋਲਦੀ ਰਹੀ ਹੈ, ਪਰ ਫਿਲਮ 'ਪਦਮਾਵਤ' 'ਚ ਨਜ਼ਰ ਆ ਚੁੱਕੇ ਐਕਟਰ ਜਿਮ ਸਰਭ ਦੇ 'ਰੇਪ ਜੌਕ' 'ਤੇ ਠਹਾਕਾ ਲਗਾਉਂਦੀ ਕੰਗਨਾ ਰਣੌਤ ਹੁਣ ਸੋਸ਼ਲ ਮੀਡੀਆ ਦੇ ਨਿਸ਼ਾਨੇ 'ਤੇ ਆ ਗਈ ਹੈ। ਅਸਲ 'ਚ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ 'ਚ ਕੰਗਨਾ ਰਣੌਤ, ਜਿਮ ਸਰਭ ਦੇ ਚੁਟਕਲੇ 'ਤੇ ਹੱਸਦੀ ਨਜ਼ਰ ਆ ਰਹੀ ਹੈ। ਇਹ ਵੀਡੀਓ ਕਾਨਸ ਫਿਲਮ ਫੈਸਟੀਵਲ ਦੀ ਹੈ, ਜਿਥੇ ਇਹ ਦੋਵੇਂ ਐਕਟਰ ਮਿਲੇ। ਜਿਮ ਸਰਭ ਹਾਲ ਹੀ 'ਚ ਫਿਲਮ 'ਪਦਮਾਵਤ' 'ਚ ਰਣਵੀਰ ਸਿੰਘ ਨਾਲ ਨਜ਼ਰ ਆ ਚੁੱਕੇ ਹਨ।

ਕੰਗਨਾ ਰਣੌਤ ਅਕਸਰ ਹਰ ਸਵਾਲ ਦਾ ਬੇਬਾਕੀ ਨਾਲ ਜਵਾਬ ਦੇਣ ਲਈ ਜਾਣੀ ਜਾਂਦੀ ਹੈ। ਪਿਛਲੇ ਦਿਨੀਂ ਜਦੋਂ ਆਪਣੀ ਫਿਲਮ 'ਸੁਲਤਾਨ' ਦੀ ਪ੍ਰਮੋਸ਼ਨ ਦੌਰਾਨ ਸਲਮਾਨ ਖਾਨ ਨੇ ਆਪਣੀ ਫਿਜ਼ੀਕਲ ਟਰੇਨਿੰਗ ਦੀ ਤੁਲਨਾ 'ਬਲਾਤਕਾਰ' ਨਾਲ ਕਰ ਦਿੱਤੀ ਤਾਂ ਕੰਗਨਾ ਨੇ ਇਸ ਬਿਆਨ ਦੇ ਖਿਲਾਫ ਬੇਬਾਕੀ ਨਾਲ ਆਪਣੀ ਰਾਏ ਰੱਖੀ ਸੀ ਪਰ ਹੁਣ ਕੰਗਨਾ ਖੁਦ ਬਲਾਤਕਾਰ ਨਾਲ ਜੁੜੇ ਚੁਟਕੁਲੇ 'ਤੇ ਹੱਸਦੀ ਨਜ਼ਰ ਆ ਰਹੀ ਹੈ।

ਇਹ ਵਾਇਰਲ ਹੁੰਦੀ ਵੀਡੀਓ ਕਾਨਸ 'ਚ ਦੇਰ ਰਾਤ ਹੋਈ ਇਕ ਪਾਰਟੀ ਦੀ ਹੈ, ਜਿਥੇ ਜਿਮ ਖੜ੍ਹੇ ਹੋ ਕੇ ਚੁਟਕਲਾ ਸੁਣਾ ਰਹੇ ਸਨ। ਇਸ ਚੁਟਕਲੇ 'ਚ ਜਿਮ ਸ਼ਰਾਬ ਨੂੰ ਛੂਹਣ ਦੀ ਬਜਾਏ 'ਬਲਾਤਕਾਰ' ਨੂੰ ਚੁਣਨ ਦੀ ਗੱਲ ਕਹਿੰਦੇ ਦਿਖ ਰਹੇ ਹਨ, ਜਿਸ 'ਤੇ ਕੰਗਨਾ ਠਹਾਕਾ ਲਗਾ ਕੇ ਹੱਸਦੀ ਨਜ਼ਰ ਆ ਰਹੀ ਹੈ।

ਅਸਲ 'ਚ ਕੰਗਨਾ ਰਣੌਤ ਤੇ ਜਿਮ ਸਰਭ 71ਵੇਂ ਕਾਨਸ ਫਿਲਮ ਫੈਸਟੀਵਲ 'ਚ ਇਕ ਸ਼ਰਾਬ ਬ੍ਰਾਂਡ ਦੀ ਅਗਵਾਈ ਕਰਨ ਪਹੁੰਚੇ ਸਨ। ਕੰਗਨਾ ਪਹਿਲੀ ਵਾਰ ਕਾਨਸ ਫਿਲਮ ਫੈਸਟੀਵਲ ਦਾ ਹਿੱਸਾ ਬਣਨ ਪਹੁੰਚੀ ਸੀ।


Tags: Kangana Ranaut Jim Sarbh Cannes Rape Joke

Edited By

Rahul Singh

Rahul Singh is News Editor at Jagbani.