ਮੁੰਬਈ (ਬਿਊਰੋ)— ਕਲਰਜ਼ ਦਾ ਨਵਾਂ ਸ਼ੋਅ 'ਨਾਗਿਨ 3' ਜਲਦ ਹੀ ਟੀ. ਵੀ. ਸਕ੍ਰੀਨ 'ਤੇ ਦਸਤਕ ਦੇਣ ਜਾ ਰਿਹਾ ਹੈ। ਸ਼ੋਅ ਦੀ ਪੂਰੀ ਸਟਾਰ ਕਾਸਟ ਅੱਜਕਲ ਪ੍ਰਮੋਸ਼ਨ 'ਚ ਰੁੱਝੀ ਨਜ਼ਰ ਆ ਰਹੀ ਹੈ। ਸ਼ੋਅ ਦੀ ਸਟਾਰਕਾਸਟ ਆਪਣੇ ਇੰਟਰਵਿਊਜ਼ ਅਤੇ ਪੇਸ਼ਕਾਰੀਆਂ ਨਾਲ ਦਰਸ਼ਕਾਂ ਨੂੰ ਐਂਟਰਟੇਨ ਕਰਦੇ ਦਿਖ ਰਹੇ ਹਨ। ਸ਼ੋਅ ਦੀ ਇਕ ਪ੍ਰੈਸ ਕਾਨਫਰੰਸ ਦੌਰਾਨ 'ਨਾਗਿਨ' ਦਾ ਕਿਰਦਾਰ ਨਿਭਾਅ ਰਹੀ ਅਨੀਤਾ ਹਸਨੰਦਾਨੀ ਅਤੇ ਸੁਰਭੀ ਜਿਓਤੀ ਨਾਲ ਕੁਝ ਅਜਿਹਾ ਹੋਇਆ ਕਿ ਦੋਵੇਂ ਖੁਸ਼ੀ ਨਾਲ ਚੀਕਾਂ ਮਾਰਨ ਲੱਗੀਆਂ। ਅਸਲ 'ਚ 'ਨਾਗਿਨ 3' ਦੇ ਪ੍ਰਮੋਸ਼ਨ ਲਈ ਪੁੱਜੀ ਇਸ ਸ਼ੋਅ ਦੀ ਟੀਮ ਨੇ ਟਰੁੱਥ ਐਂਡ ਡੇਅਰ ਗੇਮ ਖੇਡਣ ਦਾ ਮਨ ਬਣਾਇਆ।
ਇਸ ਮੌਕੇ 'ਤੇ 'ਨਾਗਿਨ 3' 'ਚ ਅਹਿਮ ਰੋਲ ਅਦਾ ਕਰਨ ਲਈ ਤਿਆਰ ਐਕਟਰ ਪਰਲ ਪੁਰੀ ਨੇ ਡੇਅਰ ਦੇ ਤੌਰ 'ਤੇ ਇਕ ਵੱਡਾ ਚੈਲੇਂਜ ਲਿਆ। ਇਹ ਡੇਅਰ ਸੀ ਅਦਾਕਾਰਾ ਅਨੀਤਾ ਹਸਨੰਦਾਨੀ ਅਤੇ ਸੁਰਭੀ ਜਿਓਤੀ ਨੂੰ ਇਕੱਠੇ ਚੁੱਕਣਾ। ਪਰਲ ਪੁਰੀ ਇਹ ਕਰਨ ਲਈ ਮੰਨ ਗਏ ਅਤੇ ਇਨ੍ਹਾਂ ਦੋਹਾਂ ਅਭਿਨੇਤਰੀਆਂ ਨੂੰ ਆਪਣੇ ਮੋਢਿਆਂ 'ਤੇ ਚੁੱਕ ਲਿਆ। ਇਹ ਦੇਖ ਕੇ ਉੱਥੇ ਮੌਜੂਦ ਸਾਰੇ ਲੋਕ ਹੈਰਾਨ ਹੋ ਗਏ। ਇੱਥੋਂ ਤੱਕ ਕਿ ਅਨੀਤਾ ਅਤੇ ਸੁਰਭੀ ਪਹਿਲਾਂ ਤਾਂ ਡਰ ਗਈਆਂ ਪਰ ਜਦੋਂ ਐਕਟਰ ਨੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਚੁੱਕ ਲਿਆ ਤਾਂ ਉਹ ਸਹਿਜ ਹੋ ਗਈਆਂ।
ਪਰਲ ਨੇ ਇਸ ਘਟਨਾ ਦੀ ਵੀਡੀਓ ਵੀ ਪੋਸਟ ਕੀਤੀ ਹੈ। ਐਕਟਰ ਨੇ ਇਸ ਪੋਸਟ ਕਰਦੇ ਹੋਏ ਲਿਖਿਆ, ''ਨਾਗਿਨ 3 ਦੇ ਪ੍ਰਮੋਸ਼ਨ ਦੌਰਾਨ ਵਰਕਆਊਟ''। ਜ਼ਿਕਰਯੋਗ ਹੈ ਕਿ ਏਕਤਾ ਕਪੂਰ ਦੇ ਮਸ਼ਹੂਰ ਟੀ. ਵੀ. ਸ਼ੋਅ 'ਨਾਗਿਨ 3' ਨੂੰ 'ਜਾਨੀ ਦੁਸ਼ਮਨ' ਦੀ ਕਹਾਣੀ ਨਾਲ ਜੋੜਿਆ ਜਾ ਰਿਹਾ ਹੈ।