ਮੁੰਬਈ (ਬਿਊਰੋ)— ਬ੍ਰਾਡਵੇ ਪ੍ਰੋਡਕਸ਼ਨ ਦੇ 1948 ਦੇ ਮਿਊਜ਼ਿਕਲ 'ਕਿੱਸ ਮੀ', 'ਕੇਟ' ਅਤੇ 'ਦਿ ਕਿੰਗ ਐਂਡ ਆਈ' 'ਚ ਨਜ਼ਰ ਆਈ ਅਮਰੀਕਨ ਅਦਾਕਾਰਾ ਪੈਟਰੀਸੀਆ ਮਾਰਸਨ ਦਾ ਦਿਹਾਂਤ ਹੋ ਗਿਆ ਹੈ। ਉਹ 103 ਸਾਲ ਦੀ ਸੀ। ਸੂਤਰਾਂ ਮੁਤਾਬਕ ਪੈਟਰੀਸੀਆ ਦਾ ਦਿਹਾਂਤ ਐਤਵਾਰ ਨੂੰ ਉਸਦੇ ਘਰ 'ਚ ਹੋਇਆ ਸੀ। ਪੈਟਰੀਸੀਆ ਦਾ ਜਨਮ 15 ਮਾਰਚ, 1915 ਨੂੰ ਨਿਊਯਾਰਕ 'ਚ ਹੋਇਆ ਸੀ। ਉਹ ਅਭਿਨੇਤਾ ਵਿਲੀਅਮ ਮਾਰਸਨ ਅਤੇ ਬ੍ਰਿਟਿਸ਼ ਖੁਫੀਆ ਏਜੰਟ ਸੇਲੇਨਾ ਫ੍ਰੇਜ਼ਰ ਦੀ ਬੇਟੀ ਸੀ।
ਬੈਚਲਰ ਦੀ ਪੜ੍ਹਾਈ ਕਰਨ ਤੋਂ ਬਾਅਦ ਪੈਟਰੀਸੀਆ ਨੇ ਅਭਿਨੈ ਸਿੱਖਣਾ ਸ਼ੁਰੂ ਕਰ ਦਿੱਤਾ। ਉਸਨੇ ਪਹਿਲੀ ਵਾਰ ਪ੍ਰੋਵਿੰਸਟਾਊਨ ਪਲੇਅਹਾਊਸ ਥਿਏਟਰ ਦੇ 'ਡੋਂਟ ਮਾਈਡ ਦਿ ਰੇਨ' ਨਾਲ ਆਪਣੇ ਅਭਿਨੈ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਸਨੇ ਪੈਰਾਮਾਊਂਟ ਪਿਚਰਸ ਦੀ ਫਿਲਮ 'ਪਰਸਨਸ ਇੰਨ ਹਾਈਡਿੰਗ' ਨਾਲ 1939 'ਚ ਫਿਲਮ ਜਗਤ 'ਚ ਆਗਾਜ਼ ਕੀਤਾ। ਪੈਟਰੀਸੀਆ 'ਹਿਟਲਰ ਮੈਡਮੈਨ', 'ਦਿ ਫਾਲਨ ਸਪੈਰੋ', 'ਵਿਦਆਊਟ ਲਵ' ਅਤੇ 'ਲੇਡੀ ਆਨ ਏ ਟ੍ਰੇਨ' ਵਰਗੀਆਂ ਫਿਲਮਾਂ 'ਚ ਕੰਮ ਕਰ ਚੁੱਕੀ ਸੀ।