ਮੁੰਬਈ (ਬਿਊਰੋ)— ਰਾਜੀਵ ਖੰਡੇਲਵਾਲ ਇਨ੍ਹੀਂ ਦਿਨੀਂ ਟੀ. ਵੀ. 'ਤੇ ਵੀਕੈਂਡ ਚੈਟ ਸ਼ੋਅ 'ਜਜ਼ਬਾਤ... ਸੰਗੀਨ ਸੇ ਨਮਕੀਨ ਤਕ' ਲੈ ਕੇ ਆ ਰਹੇ ਹਨ। ਇਸ ਸ਼ੋਅ 'ਚ ਉਹ ਸਿਤਾਰਿਆਂ ਨੂੰ ਬੁਲਾਉਂਦੇ ਹਨ ਤੇ ਉਨ੍ਹਾਂ ਦੇ ਸਫਰ ਬਾਰੇ ਗੱਲ ਕਰਦੇ ਹਨ, ਜਿਸ 'ਚ ਸੰਘਰਸ਼ ਤੇ ਉਤਾਰ-ਚੜ੍ਹਾਅ ਹਰ ਚੀਜ਼ ਦਾ ਜ਼ਿਕਰ ਹੁੰਦਾ ਹੈ। ਇਸ ਸ਼ੋਅ 'ਚ ਬਰੁਣ ਸੋਬਤੀ, ਏਜਾਜ਼ ਖਾਨ, ਦਿਵਿਆਂਕਾ ਤ੍ਰਿਪਾਠੀ, ਇਕਬਾਲ ਖਾਨ, ਧੀਰਜ ਧੂਪਰ ਤੇ ਕਈ ਹੋਰ ਸਿਤਾਰੇ ਸ਼ਿਰਕਤ ਕਰ ਚੁੱਕੇ ਹਨ। ਇਸ ਵਾਰ ਕਾਮੇਡੀਅਨ ਭਾਰਤੀ ਸਿੰਘ ਤੇ ਉਸ ਦੇ ਪਤੀ ਹਰਸ਼ ਲਿੰਬਚੀਆ ਸ਼ਾਮਲ ਹੋਏ ਸਨ। ਉਹ ਸ਼ੋਅ 'ਚ ਕੁਝ 'ਸੰਗੀਨ' ਤੇ 'ਨਮਕੀਨ' ਪਲਾਂ ਦਾ ਖੁਲਾਸਾ ਕਰ ਰਹੇ ਸਨ। ਹਾਸਾ-ਮਜ਼ਾਕ ਚੱਲ ਰਿਹਾ ਸੀ ਤੇ ਰਾਜੀਵ ਖੰਡੇਲਵਾਲ ਬਹੁਤ ਹੀ ਖੁਸ਼ਨੁਮਾ ਮਾਹੌਲ 'ਚ ਗੱਲਬਾਤ ਕਰ ਰਹੇ ਸਨ। ਟਿੱਪਣੀਆਂ ਉਦੋਂ ਕੁਝ ਅਜਿਹੀ ਹੋਈਆਂ ਕਿ ਰਾਜੀਵ ਖੰਡੇਲਵਾਲ ਉਥੇ ਬੇਹੋਸ਼ ਹੋ ਗਏ। ਉਸ ਦੀ ਇਹ ਹਾਲਤ ਦੇਖ ਕੇ ਭਾਰਤੀ ਸਿੰਘ ਦਾ ਬੁਰਾ ਹਾਲ ਹੋ ਗਿਆ। ਉਹ ਦਹਿਸ਼ਤ 'ਚ ਆ ਗਈ ਤੇ ਮਦਦ ਲਈ ਚੀਕਾਂ ਮਾਰਨ ਲੱਗੀ। ਕੁਝ ਦੇਰ 'ਚ ਸੈੱਟ 'ਤੇ ਸਾਰੇ ਲੋਕ ਇਕੱਠਾ ਹੋ ਗਏ ਤੇ ਰਾਜੀਵ ਖੰਡੇਲਵਾਲ ਇਕਦਮ ਖੜ੍ਹੇ ਹੋ ਗਏ। ਰਾਜੀਵ ਨੇ ਭਾਰਤੀ ਨੂੰ ਦੱਸਿਆ ਕਿ ਉਹ ਤਾਂ ਉਸ ਨਾਲ ਮਜ਼ਾਕ ਕਰ ਰਹੇ ਸਨ ਪਰ ਉਦੋਂ ਤਕ ਭਾਰਤੀ ਦੇ ਹੋਸ਼ ਉੱਡ ਚੁੱਕੇ ਸਨ। ਹਾਲਾਂਕਿ ਇਸ ਤਰ੍ਹਾਂ ਦੇ ਮਜ਼ਾਕ ਸਿਤਾਰਿਆਂ ਵਿਚਾਲੇ ਚੱਲਦੇ ਰਹਿੰਦੇ ਹਨ ਤੇ ਕਈ ਵਾਰ ਤਾਂ ਭਾਰਤੀ ਸਿੰਘ ਲੋਕਾਂ ਨੂੰ ਜ਼ੋਰ ਦਾ ਝਟਕਾ ਦੇ ਚੁੱਕੀ ਹੈ ਪਰ ਇਸ ਵਾਰ ਉਹ ਰਾਜੀਵ ਦੇ ਜਾਲ 'ਚ ਫਸ ਗਈ ਤੇ ਉਸ ਨੂੰ ਜ਼ਬਰਦਸਤ ਢੰਗ ਨਾਲ ਇਸ ਮਜ਼ਾਕ ਦਾ ਸ਼ਿਕਾਰ ਬਣਾਇਆ ਗਿਆ। ਯਾਨੀ ਹਮੇਸ਼ਾ ਕਾਮੇਡੀ ਦੇ ਠਹਾਕੇ ਲਗਾਉਣ ਵਾਲੀ ਭਾਰਤੀ ਸਿੰਘ ਨੂੰ ਸ਼ਿਕਾਰ ਬਣਦੇ ਦੇਖਣਾ ਵਾਕਈ ਕਾਫੀ ਮਜ਼ੇਦਾਰ ਹੋਵੇਗਾ।