ਮੁੰਬਈ(ਬਿਊਰੋ)— ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸੋਨਮ ਕਪੂਰ ਪਿਛਲੇ ਕਈ ਦਿਨਾਂ ਤੋਂ ਸੁਰਖੀਆਂ 'ਚ ਬਣੀ ਹੋਈ ਹੈ। ਪਹਿਲਾਂ ਵਿਆਹ ਤੇ ਫਿਰ 'ਕਾਨਸ ਫਿਲਮ ਫੈਸਟੀਵਲ 2018' ਨੂੰ ਲੈ ਕੇ ਚਰਚਾ 'ਚ ਰਹੀ ਹੈ। ਇਕ ਵਾਰ ਮੁੜ ਸੋਨਮ ਖਬਰਾਂ 'ਚ ਛਾਈ ਹੋਈ ਹੈ। ਹਾਲ ਹੀ 'ਚ ਸੋਨਮ ਕਪੂਰ ਨੂੰ ਲੈ ਕੇ ਖਬਰ ਸਾਹਮਣੇ ਆਈ ਹੈ ਕਿ ਉਹ ਵਿਆਹ ਤੋਂ ਬਾਅਦ ਆਪਣੇ ਪਿਤਾ ਅਨਿਲ ਕਪੂਰ ਦੇ ਘਰ ਹੀ ਰਹੇਗੀ। ਇਸ ਦੌਰਾਨ ਸੋਨਮ ਦਾ ਪਤੀ ਆਨੰਦ ਆਹੂਜਾ ਵੀ ਸੋਹਰੇ ਅਨਿਲ ਦੇ ਘਰ ਹੀ ਰਹੇਗਾ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕੀ ਆਨੰਦ ਆਹੂਜਾ ਘਰ ਜਵਾਈ ਬਣ ਕੇ ਰਹੇਗਾ? ਜੀ ਹਾਂ, ਕੁਝ ਸਮੇਂ ਲਈ ਹੀ ਸਹੀਂ ਪਰ ਆਨੰਦ ਆਹੂਜਾ ਘਰ ਜਵਾਈ ਜ਼ਰੂਰ ਬਣ ਕੇ ਰਹੇਗਾ। ਅਸਲ 'ਚ ਸੋਨਮ ਕਪੂਰ ਦਾ ਸਾਰਾ ਕੰਮ ਮੁੰਬਈ 'ਚ ਹੀ ਹੈ ਤੇ ਆਨੰਦ ਆਹੂਜਾ ਦਾ ਆਪਣਾ ਘਰ ਦਿੱਲੀ 'ਚ ਹੈ। ਜਦੋਂਕਿ ਅਜੇ ਤੱਕ ਸੋਨਮ-ਆਨੰਦ ਨੇ ਤੈਅ ਨਹੀਂ ਕੀਤਾ ਕਿ ਉਹ ਦਿੱਲੀ ਜਾਂ ਮੁੰਬਈ ਰਹਿਣਗੇ। ਇਸ ਲਈ ਸੋਨਮ ਕਪੂਰ ਤੇ ਆਨੰਦ ਆਹੂਜਾ ਕੁਝ ਸਮੇਂ ਲਈ ਪਿਤਾ ਅਨਿਲ ਕਪੂਰ ਦੇ ਘਰ ਹੀ ਰਹਿਣਗੇ। ਖਬਰਾਂ ਇਹ ਵੀ ਹਨ ਕਿ ਆਨੰਦ ਆਹੂਜਾ ਤੇ ਸੋਨਮ ਮੁੰਬਈ 'ਚ ਹੀ ਕਪੂਰ ਬੰਗਲਿਆਂ ਕੋਲ ਘਰ ਲੈਣਾ ਚਾਹੁੰਦੇ ਹਨ ਪਰ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ। ਅਜਿਹੇ 'ਚ ਜਿੰਨੀ ਦੇਰ ਉਨ੍ਹਾਂ ਨੂੰ ਆਪਣਾ ਬੰਗਲਾ/ਘਰ ਨਹੀਂ ਮਿਲ ਜਾਂਦਾ ਉਦੋਂ ਤੱਕ ਦੋਵੇਂ ਅਨਿਲ ਕਪੂਰ ਦੇ ਘਰ 'ਚ ਹੀ ਰਹਿਣਗੇ। ਦੱਸਣਯੋਗ ਹੈ ਕਿ ਸੋਨਮ ਕਪੂਰ ਤੇ ਆਨੰਦ ਆਹੂਜਾ 8 ਮਈ ਨੂੰ ਵਿਆਹ ਦੇ ਬੰਧਨ 'ਚ ਬੱਝੇ ਹਨ। ਉਨ੍ਹਾਂ ਨੇ ਸਿੱਖ ਰੀਤੀ ਰਿਵਾਜਾਂ ਨਾਲ ਵਿਆਹ ਕਰਵਾਇਆ ਸੀ। ਦੱਸ ਦੇਈਏ ਕਿ ਸੋਨਮ ਕਪੂਰ ਵਿਆਹ ਤੋਂ ਬਾਅਦ ਪਹਿਲੀ ਵਾਰ 'ਕਾਨਸ ਫਿਲਮ ਫੈਸਟੀਵਲ 2018' 'ਚ ਪਹੁੰਚੀ ਹੈ। ਇਸ ਦੌਰਾਨ ਉਸ ਨੇ ਰੈੱਡ ਕਾਰਪੈੱਟ 'ਤੇ ਖੂਬ ਅਦਾਵਾਂ ਦਿਖਾਈਆਂ।