ਹੁਸ਼ਿਆਰਪੁਰ (ਅਮਰਿੰਦਰ)— ਥਾਣਾ ਸਿਟੀ ਪੁਲਸ ਵਲੋਂ 4 ਮਈ ਨੂੰ ਬਾਲੀਵੁੱਡ ਅਭਿਨੇਤਰੀ ਸੁਰਵੀਨ ਚਾਵਲਾ, ਪਤੀ ਅਕਸ਼ੇ ਠੱਕਰ ਤੇ ਭਰਾ ਮਨਵਿੰਦਰ ਚਾਵਲਾ ਖਿਲਾਫ ਕੇਸ ਦਰਜ ਕੀਤੇ ਜਾਣ ਤੋਂ ਬਾਅਦ ਆਖਿਰਕਾਰ ਵੀਰਵਾਰ ਦੇਰ ਸ਼ਾਮ ਤਿੰਨੇ ਮੁਲਜ਼ਮ ਪੁਲਸ ਜਾਂਚ 'ਚ ਸਹਿਯੋਗ ਕਰਨ ਲਈ ਥਾਣਾ ਸਿਟੀ ਪਹੁੰਚੇ। ਹੁਸ਼ਿਆਰਪੁਰ ਆਉਣ ਦੀ ਸੂਚਨਾ ਪੁਲਸ ਨੂੰ ਵੀ ਨਹੀਂ ਸੀ। ਥਾਣਾ ਸਿਟੀ ਦੇ ਅੰਦਰ ਐੱਸ. ਐੱਚ. ਓ. ਇੰਸਪੈਕਟਰ ਲੋਮੇਸ਼ ਸ਼ਰਮਾ ਦੇ ਸਾਹਮਣੇ ਬੰਦ ਕਮਰੇ 'ਚ ਤਿੰਨੇ ਹੀ ਮੁਲਜ਼ਮਾਂ ਨੇ ਜਾਂਚ 'ਚ ਸ਼ਾਮਲ ਹੁੰਦਿਆਂ ਪੁਲਸ ਨੂੰ ਦੱਸਿਆ ਕਿ ਇਸ ਕੇਸ 'ਚ ਉਨ੍ਹਾਂ ਦੀ ਕੋਈ ਭੂਮਿਕਾ ਨਹੀਂ ਹੈ।
ਪੁਲਸ ਜਾਂਚ 'ਚ ਪੂਰਾ ਸਹਿਯੋਗ ਕਰਾਂਗੀ : ਸੁਰਵੀਨ ਚਾਵਲਾ
ਹੁਸ਼ਿਆਰਪੁਰ 'ਚ ਕੁਝ ਪਲ ਰੁਕਣ ਦੌਰਾਨ ਬਾਲੀਵੁੱਡ ਅਭਿਨੇਤਰੀ ਸੁਰਵੀਨ ਚਾਵਲਾ ਨੇ ਕਿਹਾ, 'ਪੁਲਸ ਤੇ ਅਦਾਲਤ ਦੇ ਹੁਕਮ 'ਤੇ ਮੈਂ ਅੱਜ ਪੁਲਸ ਜਾਂਚ 'ਚ ਸਹਿਯੋਗ ਲਈ ਆਈ ਹਾਂ। ਮੈਨੂੰ ਕਾਨੂੰਨ 'ਤੇ ਪੂਰਾ ਭਰੋਸਾ ਹੈ। ਪੁਲਸ ਨੇ ਜਿਸ ਬਿਆਨ 'ਤੇ ਸਾਡੇ ਖਿਲਾਫ ਮਾਮਲਾ ਦਰਜ ਕੀਤਾ ਹੈ, ਉਸ 'ਚ ਜ਼ਰਾ ਵੀ ਸੱਚਾਈ ਨਹੀਂ ਹੈ। ਸ਼ਿਕਾਇਤਕਰਤਾ ਨੇ ਜੋ ਲੈਣ-ਦੇਣ ਦਾ ਦੋਸ਼ ਸਾਡੇ 'ਤੇ ਲਗਾਇਆ ਹੈ, ਉਸ 'ਚ ਵੀ ਮੇਰੀ ਕੋਈ ਭੂਮਿਕਾ ਨਹੀਂ ਹੈ। ਜੇਕਰ ਉਨ੍ਹਾਂ ਨੇ ਪੈਸੇ ਦਿੱਤੇ ਵੀ ਹਨ ਤਾਂ ਫਿਲਮ ਨਿਰਮਾਣ ਕੰਪਨੀ ਨੂੰ ਦਿੱਤੇ ਹੋਣਗੇ। ਭਵਿੱਖ 'ਚ ਵੀ ਜਦੋਂ ਪੁਲਸ ਵਲੋਂ ਸਾਨੂੰ ਜਾਂਚ 'ਚ ਸ਼ਾਮਲ ਹੋਣ ਲਈ ਬੁਲਾਇਆ ਜਾਵੇਗਾ, ਅਸੀਂ ਜਾਂਚ 'ਚ ਹਿੱਸਾ ਲੈਂਦੇ ਹੋਏ ਪੁਲਸ ਨੂੰ ਸਹਿਯੋਗ ਕਰਾਂਗੇ। ਮੈਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਕਿਉਂਕਿ ਮੈਂ ਇਕ ਸੈਲੇਬ੍ਰਿਟੀ ਹਾਂ। ਬਾਕੀ ਸੱਚ ਆਪਣੇ ਆਪ ਅੱਗੇ ਪੁਲਸ ਕਾਰਵਾਈ 'ਚ ਸਾਹਮਣੇ ਆ ਜਾਵੇਗਾ।'