FacebookTwitterg+Mail

ਫਿਲਾਡੇਲਫੀਆ 'ਚ ਵਾਰਿਸ ਭਰਾਵਾਂ ਦੀ ਗਾਇਕੀ ਦਾ ਜਾਦੂ ਦਰਸ਼ਕਾਂ ਦੇ ਸਿਰ ਚੜ੍ਹ ਬੋਲਿਆ

waris brother
20 May, 2018 09:26:38 AM

ਫਿਲਾਡੇਲਫੀਆ(ਬਿਊਰੋ)—  ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਵਿਚ 'ਪੰਜਾਬੀ ਵਿਰਸਾ 2018' ਲੜੀ ਦੇ ਸਫਲ ਸ਼ੋਅਜ਼ ਦੇ ਝੰਡੇ ਗੱਡਣ ਉਪਰੰਤ ਅਮਰੀਕਾ ਦੇ ਸ਼ਹਿਰ ਫਿਲਾਡੇਲਫੀਆ 'ਚ ਕਰਵਾਏ ਗਏ ਸ਼ੋਅ 'ਚ ਵਾਰਿਸ ਭਰਾਵਾਂ ਦੀ ਗਾਇਕੀ ਦਾ ਜਾਦੂ ਦਰਸ਼ਕਾਂ ਦੇ ਸਿਰ ਚੜ੍ਹ ਬੋਲਿਆ । ਪ੍ਰੋਗਰਾਮ ਦੀ ਸ਼ੁਰੂਆਤ ਤਿੰਨਾਂ ਭਰਾਵਾਂ ਨੇ ਧਾਰਮਿਕ ਗੀਤ ਨਾਲ ਕੀਤੀ ਉਪਰੰਤ ਸੰਗਤਾਰ ਨੇ ਇਕੱਲਿਆਂ ਸਟੇਜ ਸੰਭਾਲਦਿਆਂ ਸ਼ੇਅਰੋ-ਸ਼ਾਇਰੀ ਦਾ ਸਿਲਸਿਲਾ ਸ਼ੁਰੂ ਕੀਤਾ ਤੇ ਫਿਰ ਆਪਣਾ ਗੀਤ ਗਾਇਆ ਤਾਂ ਨੌਜਵਾਨਾਂ ਦਾ ਜੋਸ਼ ਦੇਖਣ ਵਾਲਾ ਸੀ। ਇਸ ਤੋਂ ਬਾਅਦ ਕਮਲ ਹੀਰ ਨੇ ਸਟੇਜ 'ਤੇ ਆਉਂਦਿਆਂ ਹੀ ਵਿਦੇਸ਼ਾਂ 'ਚ ਵਸਦੇ ਪੰਜਾਬੀਆਂ ਲਈ 'ਅਸੀਂ ਤੇਰੇ ਪਿੰਡੋਂ ਤੇਰੇ ਪੇਂਡੂ ਯਾਰ ਆਏ ਹਾਂ' ਗੀਤ ਗਾ ਕੇ ਵਾਹ-ਵਾਹ ਖੱਟੀ ਤੇ ਆਪਣੇ ਹਿੱਟ ਗੀਤ 'ਕੈਂਠੇ ਵਾਲਾ ਪੁੱਛੇ ਤੇਰਾ ਨਾਂ', 'ਇਕ ਬੁੱਲਾ', 'ਨੀ ਮੈਂ ਟੁੱਟਦਾ ਗਿਆ', 'ਦਿਲਾ ਮੇਰਿਆ' ਸਮੇਤ ਬਹੁਤ ਸਾਰੇ ਨਵੇਂ-ਪੁਰਾਣੇ ਗੀਤ ਗਾ ਕੇ ਹਾਜ਼ਰ ਸਰੋਤਿਆਂ 'ਚ ਜੋਸ਼ ਭਰ ਦਿੱਤਾ। ਸ਼ੋਅ ਦੇ ਅਖੀਰ ਵਿਚ ਪਲਾਜ਼ਮਾ ਰਿਕਾਰਡਜ਼ ਦੇ ਐੱਮ. ਡੀ. ਦੀਪਕ ਬਾਲੀ ਨੇ ਮੰਚ 'ਤੇ ਬੜੀ ਸ਼ਾਨੋ-ਸ਼ੌਕਤ ਤੇ ਬਹੁਤ ਸਤਿਕਾਰਤ ਸ਼ਬਦਾਂ ਨਾਲ ਮਨਮੋਹਨ ਵਾਰਿਸ ਨੂੰ ਪੇਸ਼ ਕੀਤਾ, ਜੋ ਆਪਣੀ ਗਾਇਕੀ ਦੇ ਪੱਚੀਵੇਂ ਵਰ੍ਹੇ ਨੂੰ ਹੰਢਾ ਰਹੇ ਹਨ । ਪ੍ਰਸਿੱਧ ਲੋਕ ਗਾਇਕ ਮਨਮੋਹਨ ਵਾਰਿਸ ਨੇ 'ਮੈਨੂੰ ਮੇਰੇ ਘਰ ਦਾ ਬਨੇਰਾ ਚੇਤੇ ਆ ਗਿਆ', 'ਬੱਚਿਆਂ ਨੂੰ ਦੱਸਿਓ ਪੰਜਾਬ ਕਿਹਨੂੰ ਕਹਿੰਦੇ ਨੇ', 'ਕਹਿੰਦੇ ਨੇ ਸਿਆਣੇ ਗੱਲਾਂ ਸੱਚੀਆਂ ਖਾਧੀਆਂ ਖੁਰਾਕਾਂ ਕੰਮ ਆਉਣੀਆਂ', 'ਨੀ ਆਜਾ ਭਾਬੀ ਝੂਟ ਲੈ ਪੀਂਘ ਹੁਲਾਰੇ ਲੈਂਦੀ' ਸਮੇਤ ਆਪਣੇ ਨਵੇਂ ਤੇ ਪੁਰਾਣੇ ਗੀਤਾਂ ਨਾਲ ਹਾਜ਼ਰ ਸਰੋਤਿਆ ਦਾ ਮਨੋਰੰਜਨ ਕੀਤਾ ਤੇ ਇਸ ਸ਼ੋਅ ਨੂੰ ਯਾਦਗਾਰੀ ਬਣਾ ਦਿੱਤਾ ।


Tags: PhiladelphiaWaris BrotherKamal HeerManmohan WarisSangtarPunjabi Singer

Edited By

Sunita

Sunita is News Editor at Jagbani.