ਮੁੰਬਈ— 1993 ਮੁੰਬਈ ਸੀਰੀਅਲ ਬੰਬ ਧਮਾਕੇ ਕੇਸ 'ਚ ਕੋਰਟ ਨੇ ਅੱਜ ਆਪਣਾ ਫੈਸਲਾ ਸੁਣਾ ਦਿੱਤਾ ਹੈ। ਮੁੰਬਈ ਸੀਰੀਅਲ ਬੰਬ ਧਮਾਕੇ ਦੇ ਮਾਮਲੇ 'ਚ ਵਿਸ਼ੇਸ਼ੇ ਟਾਡਾ ਅਦਾਲਤ ਨੇ ਅਬੂ ਸਲੇਮ ਸਮੇਤ 6 ਆਰੋਪੀਆਂ ਨੂੰ ਦੋਸ਼ੀ ਕਰਾਰ ਦਿੱਤਾ ਹੋਇਆ ਸੀ। ਇਨ੍ਹਾਂ ਦੋਸ਼ੀਆਂ 'ਚੋਂ ਕਰੀਮੁੱਲਾਹ ਖਾਨ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਗਈ ਹੈ ਅਤੇ 2 ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ ਗਿਆ ਹੈ। ਜਾਣਕਾਰੀ ਮੁਤਾਬਕ 1993 'ਚ ਹੋਏ ਲਗਾਤਾਰ ਬੰਬ ਧਮਾਕਿਆਂ ਦੇ ਮਾਮਲੇ 'ਚ ਟਾਡਾ ਅਦਾਲਤ ਅੰਡਰਵਰਲਡ ਡਾਨ ਅਬੂ ਸਲੇਮ ਨੂੰ ਪਹਿਲੇ ਹੀ ਦੋਸ਼ੀ ਮੰਨ ਚੁੱਕੀ ਸੀ ਪਰ ਹੁਣ ਸਲੇਮ ਨੂੰ ਬੰਬ ਬਲਾਸਟ ਦਾ ਮੁਖ ਸਾਜਿਸ਼ਕਰਤਾ ਮੰਨਦੇ ਹੋਏ ਮੁਸਤਫਾ ਅਤੇ ਮੁਹੰਮਦ ਦੋਸਾ, ਫਿਰੋਜ ਰਾਸ਼ਿਦ ਖਾਨ, ਕਰੀਮੁੱਲ੍ਹਾ ਸ਼ੇਖ, ਤਾਹਿਰ ਮਰਚੈਂਟ ਨੂੰ ਵੀ ਦੋਸ਼ੀ ਕਰਾਰ ਦਿੱਤਾ ਸੀ, ਜਦਕਿ ਇਕ ਦੋਸ਼ੀ ਅਬਦੁੱਲ ਕਯੂਮ ਨੂੰ ਅਦਾਲਕ ਨੇ ਬਰੀ ਕਰ ਦਿੱਤਾ ਸੀ।
ਦੱਸਣਯੋਗ ਹੈ ਕਿ ਮੁੰਬਈ ਦੇ ਮਾਫੀਆ ਵਰਲਡ 'ਚ ਦਾਊਦ ਤੋਂ ਬਾਅਦ ਅਬੂ ਸਲੇਮ ਅਜਿਹਾ ਵਿਅਕਤੀ ਮੰਨਿਆ ਜਾਂਦਾ ਹੈ, ਜਿਸ ਦੇ ਖੌਫ ਨਾਲ ਪੂਰਾ ਬਾਲੀਵੁੱਡ ਕੰਬਦਾ ਹੈ। ਉਸ ਦਾ ਬਾਲੀਵੁੱਡ 'ਚ ਡੂੰਘਾ ਸੰਬੰਧ ਸੀ। ਅਬੂ ਸੇਲਮ ਨੇ ਦਾਊਦ ਇਬ੍ਰਾਹਿਮ ਦੇ ਸਹਿਯੋਗ ਨਾਲ ਮੁੰਬਈ ਦੀ ਅਪਰਾਧ ਦੀ ਦੁਨੀਆਂ 'ਚ ਕਦਮ ਰਖਿਆ ਸੀ। ਉਸ ਦੇ ਕੰਮ ਤੋਂ ਦਾਊਦ ਇੰਨਾ ਖੁਸ਼ ਹੋਇਆ ਕਿ ਉਸ ਨੇ ਬਾਲੀਵੁੱਡ ਅਤੇ ਬਿਲਡਰਾਂ ਤੋਂ ਵਸੂਲੀ ਦਾ ਪੂਰਾ ਕੰਮ ਉਸ ਨੂੰ ਸੌਂਪ ਦਿੱਤਾ। ਸਲੇਮ ਨੇ ਇਸ ਨੂੰ ਬਖੂਬੀ ਅੰਜਾਮ ਵੀ ਦਿੱਤਾ। ਉਸ ਨੇ ਬਾਲੀਵੁੱਡ ਸਿਤਾਰਿਆਂ, ਨਿਰਮਾਤਾਵਾਂ ਦੇ ਨਾਲ-ਨਾਲ ਬਿਲਡਰਾਂ ਤੋਂ ਵਸੂਲੀ ਕਰਨੀ ਸ਼ੁਰੂ ਕਰ ਦਿੱਤੀ। ਪੈਸਾ ਵਸੂਲ ਕਰਨ ਲਈ ਉਸ ਨੇ ਹਰ ਤਰ੍ਹਾਂ ਦੀ ਤਰਕੀਬ ਅਪਣਾਈ। ਧਮਕੀ ਦੇਣਾ, ਗੋਲੀਬਾਰੀ ਕਰਨਾ ਅਤੇ ਇੱਥੋਂ ਤੱਕ ਕਿ ਕਿਸੇ ਦੀ ਜਾਨ ਲੈਣਾ ਉਸ ਲਈ ਖੇਡ ਬਣ ਗਈ। ਉਸ ਦਾ ਡਰ ਮਾਇਆਨਗਰੀ 'ਚ ਇਸ ਕਦਰ ਵੱਧ ਗਿਆ ਕਿ ਬਾਲੀਵੁੱਡ ਦਾ ਹਰ ਛੋਟਾ ਵੱਡਾ ਕਲਾਕਾਰ ਅਤੇ ਫਿਲਮ ਨਿਰਮਾਤਾ ਅਬੂ ਸਲੇਮ ਉਰਫ ਕੈਪਟਨ ਦੇ ਨਾਂ ਤੋਂ ਹੀ ਕੰਬਣ ਲੱਗਾ ਸੀ।
ਉਹ ਪ੍ਰੋਟੈਕਸ਼ਨ ਦੇਣ ਦੇ ਨਾਂ 'ਤੇ ਬਾਲੀਵੁੱਡ ਦੇ ਸਿਤਾਰਿਆਂ ਤੋਂ ਵਸੂਲੀ ਕਰਦਾ ਸੀ। 1997 'ਚ ਟੀ-ਸੀਰੀਜ਼ ਦੇ ਗੁਲਸ਼ਨ ਕੁਮਾਰ ਦੀ ਹੱਤਿਆ 'ਚ ਵੀ ਉਸ ਦਾ ਨਾਂ ਸਾਹਮਣੇ ਆਇਆ ਸੀ। ਮਨੀਸ਼ਾ ਕੋਈਰਾਲਾ ਦੇ ਸੈਕੇਰੇਟਰੀ (ਸਕੱਤਰ) ਸਮੇਤ ਬਾਲੀਵੁੱਡ ਨਾਲ ਜੁੜੇ ਕਈ ਲੋਕਾਂ ਦੀ ਹੱਤਿਆ ਦੇ ਮਾਮਲਿਆਂ 'ਚ ਵੀ ਉਸ ਦਾ ਨਾਂ ਆਇਆ ਹੈ। ਜ਼ਿਕਰਯੋਗ ਹੈ ਕਿ ਬਾਲੀਵੁੱਡ ਦੀ ਫਲਾਪ ਅਭਿਨੇਤਰੀ ਮੋਨੀਕਾ ਬੇਦੀ ਦੇ ਨਾਲ ਵੀ ਅਬੂ ਸਲੇਮ ਦਾ ਨਾਂ ਜੁੜਿਆ। ਇਨ੍ਹਾਂ ਦੇ ਪਿਆਰ ਦੇ ਕਿੱਸੇ ਖੂਬ ਮਸ਼ਹੂਰ ਹੋਏ। ਕਿਹਾ ਇਹ ਵੀ ਗਿਆ ਕਿ ਦੋਹਾਂ ਨੇ ਵਿਆਹ ਕਰ ਲਿਆ ਸੀ। 2002 'ਚ ਅਬੂ ਸਲੇਮ ਨੂੰ ਉਸ ਦੀ ਪ੍ਰੇਮਿਕਾ ਮੋਨੀਕਾ ਬੇਦੀ ਨਾਲ ਇੰਟਰਪੋਲ ਨੇ ਲਿਸਬਨ, ਪੁਰਤਗਾਲ 'ਚ ਗ੍ਰਿਫਤਾਰ ਕਰ ਲਿਆ ਸੀ। ਉਸ ਦੀ ਗ੍ਰਿਫਤਾਰੀ ਸੈਟੇਲਾਈਟ ਫੋਨ ਤੋਂ ਮਿਲੀ ਲੋਕੇਸ਼ਨ ਰਾਹੀਂ ਸੰਭਵ ਹੋ ਪਾਈ ਸੀ। ਡੀ ਕੰਪਨੀ ਦੇ ਛੋਟਾ ਸ਼ਕੀਲ ਨੇ ਪੁਰਤਗਾਲ 'ਚ ਉਸ ਦੇ ਹੋਣ ਦੀ ਖਬਰ ਪੁਲਸ ਨੂੰ ਦਿੱਤੀ ਸੀ। ਫੜ੍ਹੇ ਜਾਣ ਤੋਂ ਬਾਅਦ ਮੋਨੀਕਾ ਵੀ ਕੁਝ ਦਿਨ ਜੇਲ 'ਚ ਰਹੀ। ਬਾਅਦ 'ਚ ਉਸ ਨੇ ਅਬੂ ਸਲੇਮ ਨੂੰ ਰਿਸ਼ਤਾ ਤੋੜ ਲਿਆ। ਉਂਝ ਮੋਨੀਕਾ ਤੋਂ ਪਹਿਲਾਂ ਅਬੂ ਸਲੇਮ ਨੇ 1991 'ਚ ਮੁੰਬਈ ਦੇ ਜੋਗੇਸ਼ਵਰੀ ਇਲਾਕੇ 'ਚ ਰਹਿਣ ਵਾਲੀ 17 ਸਾਲਾ ਸਮੀਰਾ ਜੁਮਾਨੀ ਨਾਲ ਵਿਆਹ ਕੀਤਾ ਸੀ।