ਨਵੀਂ ਦਿੱਲੀ (ਬਿਊਰੋ) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 2 ਦਿਨਾਂ ਦੌਰੇ ਲਈ ਭਾਰਤ ਪੁੱਜ ਚੁੱਕੇ ਹਨ। ਇਸ ਦੌਰਾਨ ਉਹ ਅਹਿਮਦਾਬਾਦ, ਆਗਰਾ ਅਤੇ ਦਿੱਲੀ ਜਾਣਗੇ। ਅਜਿਹੇ 'ਚ ਟਵਿੱਟਰ 'ਤੇ ਕੁਝ ਵੀਡੀਓਜ਼ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ 'ਚ ਟਰੰਪ ਨੂੰ ਫਿਲਮ 'ਬਾਹੂਬਲੀ' ਦੇ ਕਿਰਦਾਰ 'ਬਾਹੂਬਲੀ' ਦੇ ਰੂਪ 'ਚ ਦਿਖਾਇਆ ਗਿਆ ਹੈ। ਖਾਸ ਗੱਲ ਇਹ ਹੈ ਕਿ ਇਸ ਐਡਿਟ ਕੀਤੇ ਹੋਏ ਵੀਡੀਓ ਨੂੰ ਡੋਨਾਲਡ ਟਰੰਪ ਨੇ ਵੀ ਸ਼ੇਅਰ ਕੀਤਾ ਹੈ।
ਹਾਲਾਂਕਿ ਤੁਸੀਂ ਜਾਣਦੇ ਹੋ ਕਿ ਭਾਵੇਂ ਟਰੰਪ ਦਾ ਭਾਰਤੀ ਫਿਲਮਾਂ ਨਾਲ ਸਿੱਧਾ ਨਾਤਾ ਕੋਈ ਨਹੀਂ ਹੈ ਪਰ ਕਈ ਮੌਕੇ ਅਜਿਹੇ ਆਉਂਦੇ ਹਨ, ਜਦੋਂ ਅਮਰੀਕੀ ਰਾਸ਼ਟਰਪਤੀ ਦਾ ਨਾਂ ਬਾਲੀਵੁੱਡ ਦੀਆਂ ਫਿਲਮਾਂ ਨਾਲ ਜੁੜ ਜਾਂਦਾ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਵੀ ਬਾਲੀਵੁੱਡ ਦੀਆਂ ਫਿਲਮਾਂ ਦੇ ਡਾਇਲਾਗ ਬੋਲ ਕੇ ਭਾਰਤੀ ਫਿਲਮਾਂ ਨਾਲ ਨਾਤਾ ਜੋੜਿਆ ਸੀ। ਹੁਣ ਤੁਹਾਨੂੰ ਦੱਸਦੇ ਹਾਂ ਕਿ ਕਦੋਂ-ਕਦੋਂ ਭਾਰਤੀ ਫਿਲਮਾਂ ਦਾ ਨਾਂ ਅਮਰੀਕਾ ਦੇ ਰਾਸ਼ਟਰਪਤੀ ਨਾਲ ਜੁੜਿਆ ਹੈ।
ਡੋਨਾਲਡ ਟਰੰਪ ਨੇ ਟਵੀਟ ਕੀਤਾ 'ਬਾਹੂਬਲੀ' ਵਾਲਾ ਵੀਡੀਓ
ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ 'ਬਾਹੂਬਲੀ' ਫਿਲਮ ਦਾ ਕਲਿੱਪ ਐਡਿਟ ਕਰਕੇ ਟਰੰਪ ਨੂੰ 'ਬਾਹੂਬਲੀ' ਦੇ ਤੌਰ 'ਤੇ ਦਿਖਾਇਆ ਗਿਆ ਹੈ। ਖਾਸ ਗੱਲ ਇਹ ਕਿ ਟਰੰਪ ਨੇ ਇਸ ਵਾਇਰਲ ਹੋ ਰਹੇ ਮੀਮ ਨੂੰ ਆਪਣੇ ਟਵਿੱਟਰ ਅਕਾਊਂਟ ਤੋਂ ਰੀਟਵੀਟ ਕੀਤਾ ਹੈ। ਨਾਲ ਹੀ ਉਨ੍ਹਾਂ ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਹੈ-''ਭਾਰਤ 'ਚ ਦੋਸਤਾਂ ਨੂੰ ਮਿਲਣ ਲਈ ਉਤਸ਼ਾਹਿਤ ਹਾਂ।''
'ਸ਼ੁੱਭ ਮੰਗਲ ਜ਼ਿਆਦਾ ਸਾਵਧਾਨ' ਦੀ ਕੀਤੀ ਸੀ ਤਾਰੀਫ
ਸਮਲਿੰਗਕਤਾ 'ਤੇ ਅਧਾਰਿਤ ਆਯੁਸ਼ਮਾਨ ਖੁਰਾਨਾ ਦੀ ਫਿਲਮ 'ਸ਼ੁੱਭ ਮੰਗਲ ਜ਼ਿਅਦਾ ਸਾਵਧਾਨ' ਨੂੰ ਲੈ ਕੇ ਡੋਨਾਲਡ ਟਰੰਪ ਨੇ ਵੀ ਰਿਐਕਸ਼ਨ ਦਿੱਤਾ ਸੀ। ਦਰਅਸਲ ਬ੍ਰਿਟਿਸ਼ ਐਕਟੀਵਿਸਟ ਪੀਟਰ ਗੈਰੀ ਟੈਚੇਲ ਨੇ 'ਸ਼ੁੱਭ ਮੰਗਲ ਜ਼ਿਆਦਾ ਸਾਵਧਾਨ' ਨਾਲ ਜੁੜਿਆ ਇਕ ਟਵੀਟ ਸ਼ੇਅਰ ਕੀਤਾ ਸੀ ਅਤੇ ਇਸ ਦੀ ਤਾਰੀਫ ਕੀਤੀ ਸੀ। ਇਸ ਟਵੀਟ ਨੂੰ ਰੀਟਵੀਟ ਕਰਦੇ ਹੋਏ ਡੋਨਾਲਡ ਟਰੰਪ ਨੇ ਇਸ ਲਈ ਗ੍ਰੇਟ ਲਿਖਿਆ ਸੀ।
ਪਹਿਲਾਂ ਵਾਇਰਲ ਹੋਇਆ ਸੀ ਰਣਵੀਰ ਸਿੰਘ ਦੇ ਗੀਤ 'ਤੇ ਡਾਂਸ
ਇਸ ਤੋਂ ਪਹਿਲਾਂ ਇਕ ਵੀਡੀਓ ਵਾਇਰਲ ਹੋਇਆ ਸੀ, ਜਿਸ 'ਚ ਫਿਲਮ 'ਪਦਮਾਵਤ' ਦੇ ਗੀਤ 'ਖਲੀਬਲੀ' 'ਚ ਰਣਵੀਰ ਸਿੰਘ ਦੀ ਥਾਂ 'ਤੇ ਟਰੰਪ ਦਾ ਚਿਹਰਾ ਲਗਾ ਦਿੱਤਾ ਗਿਆ ਸੀ। ਇਸ 'ਚ ਟਰੰਪ ਐਡਿਟਡ ਵੀਡੀਓ 'ਚ ਰਣਵੀਰ ਸਿੰਘ ਵਾਂਗ ਡਾਂਸ ਕਰਦੇ ਨਜ਼ਰ ਆ ਰਹੇ ਸਨ। ਇਹ ਵੀਡੀਓ ਵੀ ਕਾਫੀ ਵਾਇਰਲ ਹੋਇਆ ਸੀ।
ਬਰਾਕ ਓਬਾਮਾ ਨੇ ਬੋਲਿਆ ਸੀ ਇਹ ਡਾਇਲਾਗ
ਜਦੋਂ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਭਾਰਤ ਆਏ ਸਨ ਤਾਂ ਉਨ੍ਹਾਂ ਨੇ ਇਕ ਪ੍ਰੋਗਰਾਮ ਦੌਰਾਨ ਐਕਟਰ ਸ਼ਾਹਰੁਖ ਖਾਨ ਸਟਾਰਰ ਫਿਲਮ 'ਦਿਲਵਾਲੇ ਦੁਲਹਨੀਆ ਲੈ ਜਾਏਗੇ' ਦਾ ਡਾਇਲਾਗ ਬੋਲਿਆ ਸੀ। ਉਨ੍ਹਾਂ ਕਿਹਾ ਸੀ, ''ਸਾਨੂੰ ਸ਼ਾਹਰੁਖ ਖਾਨ, ਮਿਲਖਾ ਸਿੰਘ, ਮੈਰੀਕਾਮ ਅਤੇ ਕੈਲਾਸ਼ ਸਤਿਆਰਥੀ 'ਤੇ ਮਾਣ ਹੈ। ਵੱਡੇ-ਵੱਡੇ ਦੇਸ਼ਾਂ 'ਚ ਛੋਟੀਆਂ-ਛੋਟੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਹਨ। ਤੁਸੀਂ ਸਮਝ ਸਕਦੇ ਹੋ ਕਿ ਮੈਂ ਕੀ ਕਹਿ ਰਿਹਾ ਹਾਂ।''