ਨਵੀਂ ਦਿੱਲੀ (ਬਿਊਰੋ) — ਮਸ਼ਹੂਰ ਗਾਇਕਾ ਆਸ਼ਾ ਭੋਂਸਲੇ ਵੀਰਵਾਰ ਨੂੰ ਪੀ. ਐੱਮ. ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਗਮ ਲਈ ਦਿੱਲੀ ਪਹੁੰਚੀ ਸੀ। ਰਾਸ਼ਟਰਪਤੀ ਭਵਨ 'ਚ ਇਸ ਸਮਾਰੋਹ ਦਾ ਆਯੋਜਨ ਕੀਤਾ ਗਿਆ ਸੀ। ਇਸ ਸੈਰੇਮਨੀ 'ਚ ਤਕਰੀਬਨ 8 ਹਜ਼ਾਰ ਲੋਕਾਂ ਦੇ ਸ਼ਿਰਕਤ ਹੋਣ ਦੀ ਖਬਰ ਹੈ। ਕਰੀਬ 9 ਵਜੇ ਸੈਰੇਮਨੀ ਬੰਦ ਹੋਈ ਪਰ ਸਹੁੰ ਚੁੱਕ ਸਮਾਰੋਹ ਤੋਂ ਬਾਅਦ ਆਸ਼ਾ ਭੋਂਸਲੇ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਉਹ ਭੀੜ 'ਚ ਫਸ ਗਈ ਸੀ ਅਤੇ ਕੋਈ ਵੀ ਉਸ ਦੀ ਮਦਦ ਲਈ ਅੱਗੇ ਨਹੀਂ ਆਇਆ ਪਰ ਸਮ੍ਰਿਤੀ ਈਰਾਨੀ ਨੇ ਅੱਗੇ ਆ ਕੇ ਉਨ੍ਹਾਂ ਦੀ ਮਦਦ ਕੀਤੀ।
ਦੱਸ ਦਈਏ ਖੁਦ ਆਸ਼ਾ ਭੋਂਸਲੇ ਨੇ ਇਸ ਗੱਲ ਦੀ ਜਾਣਕਾਰੀ ਆਪਣੇ ਟਵਿਟਰ ਅਕਾਊਂਟ 'ਤੇ ਦਿੱਤੀ ਹੈ। ਆਸ਼ਾ ਭੋਂਸਲੇ ਨੇ ਟਵਿਟਰ 'ਤੇ ਸਮ੍ਰਿਤੀ ਈਰਾਨੀ ਨਾਲ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ, ''ਪੀ. ਐੱਮ. ਸਹੁੰ ਚੁੱਕ ਸਮਾਰੋਹ ਤੋਂ ਬਾਅਦ ਮੈਂ ਭੀੜ 'ਚ ਫਸ ਗਈ ਸੀ। ਸਮ੍ਰਿਤੀ ਈਰਾਨੀ ਨੂੰ ਛੱਡ ਕੇ ਹੋਰ ਕੋਈ ਮੇਰੀ ਮਦਦ ਲਈ ਅੱਗੇ ਨਾ ਆਇਆ। ਸਮ੍ਰਿਤੀ ਨੇ ਮੇਰੀ ਹਾਲਤ ਦੇਖੀ ਅਤੇ ਮੇਰੀ ਮਦਦ ਲਈ ਅੱਗੇ ਆਈ, ਜਿਸ ਤੋਂ ਬਾਅਦ ਉਨ੍ਹਾਂ ਨੇ ਮੈਨੂੰ ਭੀੜ 'ਚੋਂ ਬਾਹਰ ਕੱਢਿਆ।'' ਸਮ੍ਰਿਤੀ ਈਰਾਨੀ ਨੇ ਵੀ ਇਸ ਟਵੀਟ ਦਾ ਰਿਪਲਾਈ ਕੀਤਾ, ਜਿਸ 'ਚ ਉਨ੍ਹਾਂ ਨੇ 'ਹੱਥ ਜੋੜਦੇ ਹੋਏ ਇਕ ਇਮੋਜ਼ੀ' ਸ਼ੇਅਰ ਕੀਤਾ।
ਦੱਸਣਯੋਗ ਹੈ ਕਿ ਵੀਰਵਾਰ ਨੂੰ ਪੀ. ਐੱਮ. ਨਰਿੰਦਰ ਮੋਦੀ ਨੇ ਦੂਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਆਹੁਦੇ ਦੀ ਸਹੁੰ ਚੁੱਕੀ। ਇਸ ਇਤਿਹਾਸਿਕ ਸਮਾਰੋਹ 'ਚ ਦੇਸ਼-ਵਿਦੇਸ਼ ਦੇ ਕਈ ਵੱਡੇ ਰਾਜਨੇਤਾਵਾਂ ਅਤੇ ਬਾਲੀਵੁੱਡ ਸਿਤਾਰਿਆਂ ਨੇ ਸ਼ਿਰਕਤ ਕੀਤੀ।