ਨਵੀਂ ਦਿੱਲੀ- ਰਿਸ਼ੀ ਕਪੂਰ ਨਹੀਂ ਰਹੇ। ਵੀਰਵਾਰ ਸਵੇਰੇ 8:45 'ਤੇ ਉਨ੍ਹਾਂ ਨੇ ਮੁੰਬਈ ਦੇ ਐੱਚ.ਐੱਨ. ਰਿਲਾਇੰਸ ਹਸਪਤਾਲ ਵਿਚ ਆਖਰੀ ਸਾਹ ਲਿਆ। ਉਹ ਦੋ ਸਾਲ ਤੋਂ ਲਿਊਕੇਮੀਆ ਨਾਲ ਲੜ ਰਹੇ ਸਨ। ਵੀਰਵਾਰ ਤਕਰੀਬਨ ਸ਼ਾਮ ਚਾਰ ਵਜੇ ਚੰਦਨਵਾੜੀ ਸ਼ਮਸ਼ਾਨ ਘਾਟ ਵਿਚ ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਤਕਰੀਬਨ 25 ਲੋਕ ਸੰਸਕਾਰ ਵਿਚ ਸ਼ਾਮਲ ਹੋਏ। ਰਿਸ਼ੀ ਕਪੂਰ ਦੀ ਧੀ ਰਿੱਧਿਮਾ ਕਪੂਰ ਲਾਕ ਡਾਊ ਦੇ ਚੱਲਦੇ ਮੁੰਬਈ ਪਹੁੰਚ ਨਹੀਂ ਸਕੀ। ਉਹ ਦਿੱਲੀ ਵਿਚੋਂ ਬਾਏ ਰੋਡ ਨਿਕਲੀ ਹੈ। ਸੰਸਕਾਰ 'ਚ ਨੀਤੂ ਕਪੂਰ, ਰਣਬੀਰ ਕਪੂਰ, ਕਰੀਨਾ ਕਪੂਰ, ਰਣਧੀਰ ਕਪੂਰ ਅਤੇ ਅਭਿਸ਼ੇਕ ਬੱਚਨ, ਐਸ਼ਵਰਿਆ ਰਾਏ ਬੱਚਨ, ਆਲੀਆ ਭੱਟ, ਰੀਮਾ ਜੈਨ, ਮਨੋਜ ਜੈਨ, ਆਦਰ ਜੈਨ, ਅਮੀਸ਼ਾ ਜੈਨ ਸਣੇ ਚੋਣਵੇ ਕਰੀਬੀ ਲੋਕ ਸ਼ਾਮਲ ਹੋਏ। ਰਿਸ਼ੀ ਕਪੂਰ ਦੀ ਮੌਤ ਦੀ ਖਬਰ ਦਿੰਦੇ ਹੋਏ ਨੀਤੂ ਕਪੂਰ ਨੇ ਸੋਸ਼ਲ ਮੀਡੀਆ 'ਤੇ ਦੱਸਿਆ ਕਿ ਉਹ ਆਪਣੇ ਅੰਤਿਮ ਸਮੇਂ ਵਿਚ ਹਸਪਤਾਲ ਦੇ ਡਾਕਟਰਾਂ ਅਤੇ ਮੈਡੀਕਲ ਸਟਾਫ ਦਾ ਮਨੋਰੰਜਨ ਕਰਦੇ ਰਹੇ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਦੇ ਹੋਏ ਲਿਖਿਆ
ਬਹੁਪੱਖੀ ਪਿਆਰੇ ਅਤੇ ਜੀਵੰਤ... ਅਜਿਹੇ ਸਨ ਰਿਸ਼ੀ ਕਪੂਰ ਜੀ। ਉਹ ਟੈਲੇਂਟ ਦਾ ਪਾਵਰਹਾਊਸ ਸਨ। ਮੈਂ ਉਨ੍ਹਾਂ ਦੇ ਨਾਲ ਹੋਈ ਹਰ ਗੱਲਬਾਤ ਨੂੰ ਹਮੇਸ਼ਾ ਯਾਦ ਰੱਖਾਂਗਾ, ਜੋ ਸੋਸ਼ਲ ਮੀਡੀਆ 'ਤੇ ਵੀ ਹੋਈ। ਉਹ ਦੇਸ਼ ਦੀ ਤਰੱਕੀ ਅਤੇ ਫਿਲਮਾਂ ਨੂੰ ਲੈ ਕੇ ਹਮੇਸ਼ਾ ਉਤਸ਼ਾਹ ਵਿਚ ਰਹਿੰਦੇ ਸਨ। ਉਨ੍ਹਾਂ ਦੇ ਦੇਹਾਂਤ ਤੋਂ ਦੁਖੀ ਹਾਂ। ਉਨ੍ਹਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਪ੍ਰਤੀ ਹਮਦਰਦੀ। ਓਮ ਸ਼ਾਂਤੀ।
ਪ੍ਰਧਾਨ ਮੰਤਰੀ ਦੇ ਨਾਲ-ਨਾਲ ਰਾਹੁਲ ਗਾਂਧੀ ਨੇ ਵੀ ਟਵੀਟ ਕਰਦੇ ਹੋਏ ਸ਼ੋਕ ਜਤਾਇਆ। ਬਾਲੀਵੁੱਡ ਦੇ ਕਈ ਦਿੱਗਜ ਸਿਤਾਰਿਆਂ ਨੇ ਸੋਸ਼ਲ ਮੀਡੀਆ 'ਤੇ ਰਿਸ਼ੀ ਕਪੂਰ ਨੂੰ ਅੰਤਿਮ ਵਿਦਾਈ ਦਿੱਤੀ।
ਰਿਸ਼ੀ ਦਾ ਫਿਲਮੀ ਸਫਰ ਬਚਪਨ ਵਿਚ ਹੀ ਸ਼ੁਰੂ ਹੋ ਗਿਆ ਸੀ। 'ਮੇਰਾ ਨਾਂ ਜੋਕਰ' ਵਿਚ ਉਨ੍ਹਾਂ ਨੇ ਆਪਣੇ ਪਿਤਾ ਰਾਜ ਕਪੂਰ ਦੇ ਬਚਪਨ ਦਾ ਕਿਰਦਾਰ ਨਿਭਾਇਆ। ਫਿਲਮ 'ਬਾਬੀ' ਤੋਂ ਰਿਸ਼ੀ ਨੂੰ ਪਛਾਣ ਮਿਲੀ। ਉਹ ਜਿੱਥੇ ਵੀ ਜਾਂਦੇ ਭੀੜ ਉਨ੍ਹਾਂ ਨੂੰ ਘੇਰ ਲੈਂਦੀ ਸੀ। ਇਕ ਵੇਲਾ ਅਜਿਹਾ ਵੀ ਆਇਆ ਜਦੋਂ ਉਨ੍ਹਾਂ ਨੂੰ ਨੈਸ਼ਨਲ ਸਵੀਟਹਾਰਟ ਕਿਹਾ ਜਾਣ ਲੱਗਾ। ਰਿਸ਼ੀ ਦੇ ਕਿਰਦਾਰ, ਉਨ੍ਹਾਂ ਦੀਆਂ ਫਿਲਮਾਂ ਦੇ ਗੀਤ ਹਮੇਸ਼ਾ ਪਸੰਦ ਕੀਤੇ ਗਏ, ਫਿਰ ਚਾਹੇ ਉਹ 'ਇਕ ਹਸੀਨਾ ਥੀ' ਜਾਂ ਫਿਰ 'ਦਰਦ-ਏ-ਦਿਲ'। ਆਪਣੇ ਜੀਵਨ ਵਿਚ ਰਿਸ਼ੀ ਨੇ ਹਰ ਤਰ੍ਹਾਂ ਦਾ ਕਿਰਦਾਰ ਨਿਭਾਇਆ ਅਤੇ ਅੰਤਿਮ ਸਮੇਂ ਤੱਕ ਉਹ ਫਿਲਮਾਂ ਨਾਲ ਜੁੜੇ ਰਹੇ।
ਉਨ੍ਹਾਂ ਦੇ ਅੰਤਿਮ ਕਿਰਦਾਰਾਂ ਵਿਚ 'ਸਨਮ ਰੇ' ਵਿਚ ਨਿਭਾਇਆ ਗਿਆ ਦਾਦੂ ਦਾ ਕਿਰਦਾਰ, '102 ਨਾਟ ਆਊਟ' ਵਿਚ ਬਾਬੂਵਾਲ ਦਾ ਕਿਰਦਾਰ ਅਤੇ 'ਮੁਲਕ' ਫਿਲਮ ਵਿਚ ਇਕ ਮੁਸਲਿਮ ਨੈਸ਼ਨਲਿਸਟ ਦਾ ਕਿਰਦਾਰ ਯਾਦਗਾਰ ਰਿਹਾ।
ਬੰਬਈ ਤੂੰ ਹੀ ਦੱਸ ਤੇਰਾ ਕੀ ਇਰਾਦਾ ਹੈ...
ਬੰਬਈ ਬੀਮਾਰ ਹੈ। ਰੁਕ ਚੁੱਕੀ ਹੈ। ਡਰ ਦੇ ਸਾਏ ਵਿਚ ਜੀ ਰਹੀ ਹੈ। ਹੁਣ ਉਦਾਸ ਵੀ ਹੈ। ਘਰਾਂ ਵਿਚ ਸਿਮਟੀ, ਆਪਣੇ ਆਸਮਾਨ ਦੇ ਚਮਕਦਾਰ ਸਿਤਾਰਿਆਂ ਨੂੰ ਟੁੱਟਦਾ ਦੇਖ ਦੁਖੀ ਹੈ। ਉਹ ਸਿਤਾਰੇ ਜੋ ਰਹੇ ਭਾਵੇਂ ਹੀ ਬੰਬਈ ਵਿਚ ਹੋਣ ਪਰ ਉਨ੍ਹਾਂ ਦੀ ਚਮਕ ਪੂਰੀ ਦੁਨੀਆ ਤੱਕ ਪਹੁੰਚਦੀ ਰਹੀ ਹੈ। ਸਭ ਤੋਂ ਜ਼ਿਆਦਾ ਤਕਲੀਫ ਬੰਬਈ ਹੀ ਸਮਝ ਸਕਦੀ ਹੈ ਕਿਉਂਕਿ ਆਪਣੇ ਟੁੱਟਦੇ-ਬਿਖਰਦੇ ਸਿਤਾਰਿਆਂ ਕੋਲ ਹੋ ਕੇ ਵੀ, ਉਹ ਕੋਲ ਨਹੀਂ ਹਨ। ਮੈਂ ਦੇਖਿਆ ਹੈ, ਹਮੇਸ਼ਾ ਮਸ਼ਗੂਲ ਰਹਿਣ ਵਾਲੀ ਬੰਬਈ ਉਸ ਦਿਨ ਸੜਕਾਂ 'ਤੇ ਉੱਤਰ ਆਉਂਦੀ ਹੈ ਜਦੋਂ ਕੋਈ ਸਿਤਾਰਾ ਆਪਣੇ ਅੰਤਿਮ ਸਫਰ 'ਤੇ ਨਿਕਲਦਾ ਹੈ। ਤੁਹਾਡਾ ਆਖਰੀ ਸਲਾਮ ਦੇਣ ਲਈ ਕੁਝ ਪਲਾਂ ਲਈ ਹੀ ਸਹੀ, ਬੰਬਈ ਉਸ ਸਿਤਾਰੇ ਦੇ ਜਨਾਜ਼ੇ ਤੱਕ ਪਹੁੰਚਦੀ ਜ਼ਰੂਰ ਹੈ। ਪਹਿਲਾਂ ਇਰਫਾਨ ਹੁਣ ਰਿਸ਼ੀ ਸਾਬ੍ਹ, ਬੰਬਈ ਤੂੰ ਹੀ ਦੱਸ ਤੇਰਾ ਕੀ ਇਰਾਦਾ ਹੈ।
ਇਰਫਾਨ ਖਾਨ ਨੂੰ ਆਪਣੀ ਮਾਂ ਨੂੰ ਅਲਵਿਦਾ ਕਹਿਣ ਦਾ ਮੌਕਾ ਨਹੀਂ ਮਿਲਿਆ, ਜੋ ਕੁਝ ਦਿਨ ਪਹਿਲਾਂ ਫੌਤ ਹੋ ਗਏ ਸਨ। ਇਰਫਾਨ ਦੇ ਚਾਹੁਣ ਵਾਲੇ ਆਖਰੀ ਵਾਰ ਇਰਫਾਨ ਨੂੰ ਅਲਵਿਦਾ ਨਾ ਕਹਿ ਸਕੇ। ਰਿਸ਼ੀ ਨੂੰ ਉਨ੍ਹਾਂ ਦੀ ਧੀ ਰਿੱਧੀਮਾ ਆਖਰੀ ਵਾਰ ਦੇਖ ਨਹੀਂ ਸਕੀ ਅਤੇ ਮੇਰੇ ਵਰਗੇ ਪਤਾ ਨਹੀਂ ਕਿੰਨੇ ਰਿਸ਼ੀ ਦੇ ਦੀਵਾਨੇ ਉਨ੍ਹਾਂ ਨੂੰ ਆਪਣਾ ਆਖਰੀ ਸਲਾਮ ਨਾ ਦੇ ਸਕੇ। ਫਿਰ ਉਹ ਦੋਹਰਾ ਰਿਹਾ ਹਾਂ... ਸਭ ਤੋਂ ਜ਼ਿਆਦਾ ਤਕਲੀਫ ਉਦੋਂ ਹੁੰਦੀ ਹੈ, ਜਦੋਂ ਤੁਹਾਨੂੰ ਅਲਵਿਦਾ ਕਹਿਣ ਦਾ ਮੌਕਾ ਨਹੀਂ ਮਿਲਦਾ।