ਰੋਹਤਕ— ਡੇਰੇ ਦੀ 1000 ਕਰੋੜ ਦੀ ਸੰਪਤੀ ਦੇ ਵਾਰਿਸ ਚੁਣਨ ਦਾ ਕੰਮ ਸ਼ੁਰੂ ਹੋ ਗਿਆ ਹੈ। ਡੇਰਾ ਮੁਖੀ ਦਾ ਜੱਦੀ ਪਿੰਡ ਗੁਰੂਸਰ ਮੋਡੀਆ 'ਚ ਪਰਿਵਾਰ ਦੀ ਇਸ ਬਾਰੇ ਪਹਿਲੀ ਬੈਠਕ ਹੋਈ, ਜਿਸ 'ਚ ਸਹਿਮਤੀ ਬਣੀ ਕਿ ਡੇਰਾ ਮੁਖੀ ਜਸਮੀਤ ਨੂੰ ਹੀ ਬਣਾਇਆ ਜਾਵੇ। ਅੰਤਿਮ ਫੈਸਲਾ ਡੇਰਾ ਮੁੱਖੀ ਹੀ ਕਰਨਗੇ। ਉਧਰ ਸੋਸ਼ਲ ਮੀਡੀਆ 'ਤੇ ਇਹ ਚਰਚਾ ਚੱਲ ਰਹੀ ਹੈ ਕਿ, 'ਬਲਾਤਕਾਰੀ' ਬਾਬੇ ਦਾ ਬੇਟਾ ਜਸਮੀਤ ਸਿੰਘ ਕੈਨੇਡਾ ਗਿਆ ਹੈ।
ਬਾਬੇ ਦਾ ਇਹ ਖਾਸ ਭੱਜ ਰਿਹਾ ਸੀ ਵਿਦੇਸ਼
ਕੁਝ ਦਿਨ ਪਹਿਲਾ ਹੀ ਬਾਬੇ ਦੇ ਬੇਟੇ ਜਸਮੀਤ ਸਿੰਘ ਦੀ ਫੇਸਬੁੱਕ 'ਤੇ ਕੈਨੇਡਾ ਤੋਂ ਉਸ ਦੀ ਇਕ ਤਸਵੀਰ ਅਪਲੋਡ ਹੋਈ ਸੀ, ਜਿਸ ਨਾਲ ਲਗਾਤਾਰ ਅੰਦਾਜ਼ੇ ਲਾਏ ਜਾ ਰਹੇ ਹਨ ਕਿ ਉਹ ਕੈਨੇਡਾ ਭੱਜ ਗਿਆ ਹੈ। ਸੋਸ਼ਲ ਮੀਡੀਆ 'ਚ ਕਈ ਲੋਕਾਂ ਨੇ ਜਸਮੀਤ ਦੀ ਤਸਵੀਰ ਨੂੰ ਲੈ ਕੇ ਫੇਸਬੁੱਕ 'ਤੇ ਪੋਸਟ ਵੀ ਕੀਤੇ।
ਰਾਮ ਰਹੀਮ ਦਾ ਬੇਟਾ ਵਿਦੇਸ਼ ਭੱਜ ਗਿਆ ਜਾਂ ਨਹੀਂ ਅਜੇ ਇਸ ਗੱਲ ਦੀ ਪੁਸ਼ਟੀ ਕੀਤੀ ਜਾ ਰਹੀ ਹੈ। ਰਾਮ ਰਹੀਮ ਦਾ ਚੇਲਾ ਆਦਿਤਿਆ ਇੰਸਾ ਤੇ ਸੁਰਿੰਦਰ ਧੀਮਾਨ ਜਿਨ੍ਹਾਂ 'ਤੇ 'ਦੰਗੇ' ਭੜਕਾਉਣ ਦਾ ਦੋਸ਼ ਸੀ, ਉਹ ਵੀ ਦੇਸ਼ ਛੱਡ ਕੇ ਭੱਜਣ ਦੀ ਤਿਆਰੀ 'ਚ ਸਨ।
ਸੁਰਿੰਦਰ ਧੀਮਾਨ ਇੰਸਾ ਨੇ ਕੀਤਾ ਸਰੈਂਡਰ
'ਦੰਗੇ' ਭੜਾਉਣ ਵਾਲੇ ਦੋਸ਼ੀ ਡੇਰਾ ਸਮਾਰਥਕ ਸੁਰਿੰਦਰ ਧੀਮਾਨ ਨੇ ਬੁੱਧਵਾਰ 4 ਵਜੇ ਪੁਲਸ ਸਾਹਮਣੇ ਸਰੈਂਡਰ ਕਰ ਦਿੱਤਾ। ਵੀਰਵਾਰ ਨੂੰ ਉਸ ਨੂੰ ਕੋਰਟ 'ਚ ਪੇਸ਼ ਕੀਤਾ ਗਿਆ, ਜਿਥੋਂ ਉਸ ਨੂੰ 7 ਦਿਨਾਂ ਲਈ ਪੁਲਸ ਰਿਮਾਂਡ 'ਤੇ ਭੇਜਿਆ ਗਿਆ ਹੈ।
ਅਜਿਹਾ ਹੈ ਰਾਮ ਰਹੀਮ ਦਾ ਪਰਿਵਾਰ
ਬਾਬਾ ਗੁਰਮੀਤ ਰਾਮ ਰਹੀਮ ਦੀਆਂ ਦੋ ਬੇਟੀਆਂ ਤੇ ਇਕ ਬੇਟਾ ਹੈ। ਇਸ ਤੋਂ ਇਲਾਵਾ ਉਸ ਨੇ ਇਕ ਬੇਟੀ ਨੂੰ ਗੋਦ ਲਿਆ ਸੀ, ਜਿਸ ਦਾ ਨਾਂ ਹਨੀਪ੍ਰੀਤ ਇੰਸਾ ਹੈ। ਹਨੀਪ੍ਰੀਤ ਇੰਸਾ ਰਾਮ ਰਹੀਮ ਨਾਲ ਫਿਲਮਾਂ 'ਚ ਵੀ ਨਜ਼ਰ ਆ ਚੁੱਕੀ ਹੈ। ਰਾਮ ਰਹੀਮ ਦੀ ਮਾਂ ਹੈ, ਜਿਸ ਦਾ ਨਾਂ ਨਸੀਬ ਕੌਰ ਇੰਸਾ ਹੈ। ਜਦੋਂ ਕੀ ਰਾਮ ਰਹੀਮ ਦੀ ਪਤਨੀ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ।