ਜਲੰਧਰ(ਬਿਊਰੋ)— ਮੁੰਬਈ 'ਚ 20ਸਾਲਾ ਦੀ ਮਾਡਲ ਮਾਨਸੀ ਦੀਕਸ਼ਿਤ ਦੀ ਹੱਤਿਆ ਦੀ ਜਾਂਚ 'ਚ ਇਕ ਨਵਾਂ ਖੁਲਾਸਾ ਹੋਇਆ ਹੈ। ਮੁਲਜ਼ਮ ਮੁਜਾਮਿੱਲ ਸਈਦ ਨੇ ਜ਼ਮਾਨਤ ਪਟੀਸ਼ਨ ਦਰਜ ਕਰਦੇ ਹੋਏ ਕਿਹਾ ਹੈ ਕਿ ਮਾਨਸੀ ਉਸ ਕੋਲੋਂ ਆਏ ਦਿਨ ਪੈਸਿਆਂ ਦੀ ਮੰਗ ਕਰਦੀ ਸੀ। ਮਾਨਸੀ ਨੇ ਮੁਜਾਮਿੱਲ ਨੂੰ ਕਿਹਾ ਸੀ ਕਿ ਜੇਕਰ ਉਹ ਉਸ ਦੀ ਮੰਗ ਪੂਰੀ ਨਹੀਂ ਕਰੇਗਾ ਤਾਂ ਉਹ ਉਸ ਨੂੰ ਬਲਾਤਕਾਰ ਦੇ ਝੂਠੇ ਮਾਮਲੇ 'ਚ ਫਸਾ ਦੇਵੇਗੀ। ਉਸ ਨੇ ਇਹ ਦੋਸ਼ ਵੀ ਲਗਾਇਆ ਹੈ ਕਿ ਮਾਨਸੀ ਮਾਨਸਿਕ ਰੂਪ ਤੋਂ ਅਸਥਿਰ ਚੱਲ ਰਹੀ ਸੀ ਜਿਸ ਕਾਰਨ ਉਹ ਕਦੇ ਵੀ ਕਿਸੇ ਨਾਲ ਵੀ ਲੜਾਈ ਕਰਨ ਲੱਗਦੀ ਸੀ। ਮੁਜਾਮਿੱਲ ਨੇ ਖੁਦ ਨੂੰ ਨਿਰਦੋਸ਼ ਅਤੇ ਮਾਨਸੀ ਦੀ ਮੌਤ ਨੂੰ ਇਕ ਦੁਰਘਟਨਾ ਦੱਸਿਆ ਹੈ। ਉਥੇ ਹੀ ਪੁਲਸ ਦੀ ਸ਼ੁਰੂਆਤੀ ਜਾਂਚ 'ਚ ਪਤਾ ਲੱਗਿਆ ਸੀ ਕਿ 15 ਅਕਤੂਬਰ 2015 ਨੂੰ ਸਰੀਰਕ ਸੰਬੰਧ ਨਾ ਬਣਾਉਣ ਤੋਂ ਮੁਜਾਮਿੱਲ ਨਾਰਾਜ਼ ਸੀ ਅਤੇ ਇਸ ਗੁੱਸੇ 'ਚ ਉਸ ਨੇ ਮਾਨਸੀ ਦੀ ਹੱਤਿਆ ਕਰ ਦਿੱਤੀ ਸੀ।
ਆਪਣੀ ਜ਼ਮਾਨਤ ਪਟੀਸ਼ਨ 'ਚ ਮੁਜਾਮਿੱਲ ਨੇ ਕਿਹਾ ਸੀ ਕਿ ਮਾਨਸੀ ਨਾਲ ਉਸ ਦਾ ਰਿਸ਼ਤਾ ਕਾਫੀ ਵਧੀਆ ਸੀ ਅਤੇ ਇਸ ਦੀ ਸ਼ੁਰੂਆਤ ਸੋਸ਼ਲ ਮੀਡੀਆ ਰਾਹੀਂ ਹੋਈ ਸੀ। ਮੁਜਾਮਿੱਲ ਇਕ ਫੋਟੋਗਰਾਫਰ ਸੀ, ਜਿਸ ਕੋਲੋਂ ਮਾਨਸੀ ਨੇ ਆਪਣਾ ਪੋਰਟਫੋਲੀਓ ਵੀ ਬਣਵਾਇਆ ਸੀ। ਇਸ ਦੇ ਲਈ ਮਾਨਸੀ ਉਸ ਦੇ ਘਰ ਗਈ ਸੀ। ਮੁਜਾਮਿੱਲ ਦਾ ਦੋਸ਼ ਹੈ ਕਿ ਘਰ ਆਉਣ 'ਤੇ ਦੋਵਾਂ ਵਿਚਕਾਰ ਤੂਤੂ-ਮੈਂਮੈਂ ਸ਼ੁਰੂ ਹੋ ਗਈ ਅਤੇ ਮਾਨਸੀ ਨੇ ਉਸ ਨੂੰ ਧਮਕੀ ਦਿੱਤੀ ਕਿ ਜੇਕਰ ਉਹ ਉਸ ਨੂੰ ਮੂੰਹ ਮੰਗੀ ਰਕਮ ਨਹੀਂ ਦੇਵੇਗਾ ਤਾਂ ਉਹ ਉਸ ਨੂੰ ਬਲਾਤਕਾਰ ਦੇ ਝੂਠੇ ਮਾਮਲੇ 'ਚ ਫਸਾ ਦੇਵੇਗੀ।
ਦੋਸ਼ੀ ਨੇ ਕਿਹਾ ਕਿ ਇਹ ਸੁਣਦੇ ਹੀ ਉਹ ਘਬਰਾ ਗਿਆ ਅਤੇ ਉਸ ਨੇ ਉਸ ਨੂੰ ਘਰੋਂ ਚਲੇ ਜਾਣ ਲਈ ਕਿਹਾ ਪਰ ਉਹ ਨਾ ਮੰਨੀ। ਇਸ 'ਤੇ ਉਸ ਨੇ ਮਾਨਸੀ ਨੂੰ ਧੱਕੇ ਦਿੰਦੇ ਹੋਏ ਘਰੋਂ ਕੱਢਣ ਦੀ ਕੋਸ਼ਿਸ਼ ਕੀਤੀ ਪਰ ਉਹ ਡਿੱਗ ਗਈ ਅਤੇ ਉਸ ਦਾ ਸਿਰ ਲੱਕੜੀ ਦੀ ਮੇਜ ਨਾਲ ਵੱਜ ਗਿਆ, ਜਿਸ ਕਾਰਨ ਉਹ ਬੇਹੋਸ਼ ਹੋ ਗਈ। ਮੁਲਜ਼ਮ ਦੇ ਵਕੀਲ ਦਾ ਦਾਅਵਾ ਹੈ ਕਿ ਇਸ ਘਟਨਾ ਤੋਂ ਬਾਅਦ ਉਹ ਘਬਰਾ ਗਿਆ ਅਤੇ ਮਾਨਸੀ ਨੂੰ ਮਰਿਆ ਹੋਇਆ ਮੰਨਦੇ ਹੋਏ ਇਕ ਬੈਗ 'ਚ ਉਸ ਦਾ ਸਰੀਰ ਭਰ ਕੇ ਬਾਹਰ ਸੁੱਟ ਆਇਆ। ਮੁਲਜ਼ਮ ਦੀ ਜ਼ਮਾਨਤ ਪਟੀਸ਼ਨ 'ਤੇ ਤਿੰਨ ਅਪ੍ਰੈਲ ਨੂੰ ਸੁਣਵਾਈ ਕੀਤੀ ਜਾਵੇਗੀ।