ਨਵੀਂ ਦਿੱਲੀ(ਏਜੰਸੀਆਂ)— 'ਪਦਮਾਵਤੀ' ਫਿਲਮ ਨੂੰ ਲੈ ਕੇ ਜਾਰੀ ਵਿਵਾਦ ਦਰਮਿਆਨ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਅਤੇ ਸੈਂਸਰ ਬੋਰਡ ਦੇ ਮੁਖੀ ਪ੍ਰਸੂਨ ਜੋਸ਼ੀ ਸੰਸਦੀ ਪੈਨਲ ਸਾਹਮਣੇ ਪੇਸ਼ ਹੋਏ। ਸੂਤਰਾਂ ਅਨੁਸਾਰ ਇਸ ਪੈਨਲ ਦੇ 3 ਮੈਂਬਰਾਂ ਨੇ ਫਿਲਮ 'ਤੇ ਪਾਬੰਦੀ ਲਾਉਣ ਦੀ ਗੱਲ ਕਹੀ ਹੈ। ਸੰਸਦੀ ਕਮੇਟੀ ਦੇ ਸਾਹਮਣੇ ਪ੍ਰਸੂਨ ਜੋਸ਼ੀ ਨੇ ਕਿਹਾ ਕਿ ਅਜੇ ਫਿਲਮ 'ਤੇ ਫੈਸਲਾ ਲੈਣ ਦੀ ਪ੍ਰਕਿਰਿਆ ਚੱਲ ਰਹੀ ਹੈ।

ਜਿਨ੍ਹਾਂ ਤਿੰਨ ਮੈਂਬਰਾਂ ਨੇ ਫਿਲਮ 'ਤੇ ਪਾਬੰਦੀ ਲਗਾਉਣ ਦੀ ਗੱਲ ਕਹੀ, ਉਨ੍ਹਾਂ ਵਿਚ 2 ਭਾਜਪਾ (ਓਮ ਬਿਰਲਾ ਅਤੇ ਸੀ. ਪੀ. ਜੋਸ਼ੀ) ਹਨ ਅਤੇ ਇਕ ਸ਼ਿਵ ਸੈਨਾ ਦੇ ਰਾਜਨ ਵਿਚਾਰੇ ਹਨ। ਜੋਸ਼ੀ ਨੇ ਕਿਹਾ ਕਿ ਪਹਿਲਾਂ ਖੇਤਰੀ ਕਮੇਟੀ ਫਿਲਮ ਨੂੰ ਦੇਖਦੀ ਹੈ ਅਤੇ ਲੋੜ ਪੈਣ 'ਤੇ ਕੇਂਦਰੀ ਕਮੇਟੀ ਫਿਲਮ ਨੂੰ ਦੇਖੇਗੀ। ਫਿਲਮ ਦਾ ਵਿਰੋਧ ਕਰਨ ਵਾਲੇ ਮੈਂਬਰਾਂ ਨੇ ਪ੍ਰੋਮੋ ਨੂੰ ਵੀ ਵਾਪਸ ਲੈਣ ਦੀ ਮੰਗ ਕੀਤੀ।

ਜੋਸ਼ੀ ਨੇ ਕਮੇਟੀ ਨੂੰ ਕਿਹਾ ਕਿ ਸਿਰਫ ਪ੍ਰੋਮੋ ਨੂੰ ਇਜਾਜ਼ਤ ਮਿਲੀ ਹੈ, ਫਿਲਮ ਨੂੰ ਸੈਂਸਰ ਬੋਰਡ ਨੇ ਪਾਸ ਨਹੀਂ ਕੀਤਾ। ਉਨ੍ਹਾਂ ਨੇ ਅਜੇ ਫਿਲਮ ਨਹੀਂ ਦੇਖੀ। 'ਪਦਮਾਵਤੀ' ਵਿਵਾਦ ਨੂੰ ਹੱਲ ਕਰਨ ਲਈ ਲੋਕ ਸਭਾ ਦੀ ਸੰਸਦੀ ਕਮੇਟੀ ਦੇ ਸਾਹਮਣੇ ਆਏ ਨਿਰਮਾਤਾ-ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਨੂੰ ਸਖ਼ਤ ਝਾੜ ਪਈ ਹੈ। ਸੰਸਦੀ ਕਮੇਟੀ ਨਾਲ ਲਗਭਗ ਢਾਈ ਘੰਟਿਆਂ ਤੋਂ ਵੱਧ ਦੇਰ ਤੱਕ ਚੱਲੀ ਬੈਠਕ ਵਿਚ ਭੰਸਾਲੀ ਨੂੰ ਕਈ ਸਵਾਲ ਕੀਤੇ ਗਏ। ਉਨ੍ਹਾਂ ਨੂੰ ਕੁਝ ਸਵਾਲਾਂ ਦਾ ਲਿਖਤੀ ਜਵਾਬ ਦੇਣ ਲਈ ਦੋ ਹਫਤਿਆਂ ਦਾ ਸਮਾਂ ਦਿੱਤਾ ਗਿਆ ਹੈ।

ਬੈਠਕ ਵਿਚ ਉਨ੍ਹਾਂ ਕਿਹਾ ਗਿਆ ਕਿ ਲੋਕ ਕਿਸੇ ਫਿਲਮ ਦੇ ਵਿਰੁੱਧ ਨਹੀਂ ਪਰ ਫਿਲਮ ਦੇ ਕਾਰਨ ਸਮਾਜ ਵਿਚ ਕੋਈ ਔਕੜ ਪੇਸ਼ ਨਾ ਹੋਵੇ, ਇਸਦੀ ਜ਼ਿੰਮੇਵਾਰੀ ਸੰਸਦ ਮੈਂਬਰਾਂ ਦੀ ਹੈ। ਸਤੀ ਪ੍ਰਥਾ ਨੂੰ ਲੈ ਕੇ ਕਮੇਟੀ ਨੇ ਭੰਸਾਲੀ ਨੂੰ ਘੇਰਿਆ। ਸੂਤਰਾਂ ਅਨੁਸਾਰ ਭੰਸਾਲੀ ਨੇ ਕਿਹਾ ਕਿ ਉਨ੍ਹਾਂ ਦੀ ਫਿਲਮ ਇਤਿਹਾਸ 'ਤੇ ਆਧਾਰਿਤ ਨਹੀਂ, ਸਗੋਂ ਮਲਕ ਮੁਹੰਮਦ ਜਾਯਸੀ ਦੀ ਕਵਿਤਾ 'ਤੇ ਆਧਾਰਿਤ ਹੈ।