ਨਵੀਂ ਦਿੱਲੀ (ਬਿਊਰੋ) — ਆਨਲਾਈਨ ਐਪ ਨੈੱਟਫਲਿਕਸ 'ਤੇ ਚਰਚਿਤ ਵੈੱਬ ਸੀਰੀਜ਼ 'ਸੈਕਰੇਡ ਗੇਮਸ 2' ਵਿਵਾਦਾਂ 'ਚ ਆ ਗਈ ਹੈ। ਇਸ ਸੀਰੀਜ਼ 'ਚ ਫਿਲਮ ਅਭਿਨੇਤਾ ਨਵਾਜ਼ੂਦੀਨ ਸਿੱਦੀਕੀ, ਸੈਫ ਅਲੀ ਖਾਨ, ਸੁਰਵੀਨ ਚਾਵਲਾ ਸਮੇਤ ਕਈ ਸਿਤਾਰੇ ਮੁੱਖ ਭੂਮਿਕਾ 'ਚ ਹਨ। ਇਸ ਵੈੱਬ ਸੀਰੀਜ਼ 'ਚ ਸੈਫ ਅਲੀ ਖਾਨ ਦੇ ਇਕ ਕਿਰਦਾਰ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ। ਦਿੱਲੀ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਨੈੱਟਫਲਿਕਸ ਦੀ ਸੀਰੀਜ਼ 'ਸੈਕਰੇਡ ਗੇਮਸ 2' ਦੀ ਤਿੱਖੀ ਆਲੋਚਨਾ ਕੀਤੀ ਹੈ। ਇਸ ਸੀਰੀਜ਼ 'ਚ ਸੈਫ ਅਲੀ ਖਾਨ ਇਕ ਸਰਦਾਰ ਦੀ ਭੂਮਿਕਾ 'ਚ ਹਨ, ਜਿਸ ਦਾ ਨਾਂ ਸਰਤਾਜ ਹੈ।
ਇਹ ਹੈ ਪੂਰਾ ਮਾਮਲਾ
ਦਰਅਸਲ, ਸੀਰੀਜ਼ 'ਚ ਸੈਫ ਅਲੀ ਖਾਨ ਹੱਥ 'ਚ ਪਾਉਣ ਵਾਲੇ ਕੜੇ ਨੂੰ ਲਾ ਕੇ ਸੁੱਟ ਦਿੰਦੇ ਹਨ, ਜਿਸ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਦਿੱਲੀ ਦੇ ਰਾਜੌਰੀ ਗਾਰਡਨ ਤੋਂ ਅਕਾਲੀ ਵਿਧਾਇਕ ਨੇ ਮੰਗ ਕੀਤੀ ਹੈ ਕਿ ਸੀਰੀਜ਼ 'ਚੋਂ ਇਸ ਸੀਨ ਨੂੰ ਤੁਰੰਤ ਹਟਾਇਆ ਜਾਵੇ। ਇੰਨਾ ਹੀ ਨਹੀਂ ਸਗੋਂ ਸਿਰਸਾ ਨੇ ਧਮਕੀ ਵੀ ਦਿੱਤੀ ਹੈ ਕਿ ਜੇਕਰ ਅਜਿਹਾ ਨਹੀਂ ਕੀਤਾ ਗਿਆ ਤਾਂ ਉਹ ਕਾਨੂੰਨੀ ਤਰੀਕੇ ਨਾਲ ਇਸ ਮਾਮਲੇ ਦਾ ਹੱਲ ਕੱਢਣਗੇ। ਸਿਰਸਾ ਦਾ ਕਹਿਣਾ ਹੈ ਕਿ ਸਿੱਖ ਧਰਮ 'ਚ ਕੜਾ ਪਾਉਣਾ ਇਕ ਧਾਰਮਿਕ ਪਰੰਪਰਾ ਹੈ, ਅਜਿਹੇ 'ਚ ਇਸ ਨੂੰ ਲਾ ਕੇ ਸੁੱਟ ਦੇਣਾ ਧਰਮ ਦਾ ਅਪਮਾਨ ਹੈ।
ਸਿੱਖ ਧਰਮ ਬਾਰੇ 'ਚ ਨਹੀਂ ਕੀਤੀ ਰਿਸਰਚ
ਅਨੁਰਾਗ ਕਸ਼ਅਪ 'ਤੇ ਟਿੱਪਣੀ ਕਰਦੇ ਹੋਏ ਸਿਰਸਾ ਨੇ ਕਿਹਾ ਕਿ ਜੇਕਰ ਤੁਹਾਨੂੰ ਸਿੱਖਾਂ ਬਾਰੇ ਜਾਣਕਾਰੀ ਨਹੀਂ ਹੈ, ਤੁਸੀਂ ਇਸ ਬਾਰੇ ਸਰਚ ਕਿਉਂ ਨਹੀਂ ਕੀਤੀ ਅਤੇ ਕਿਉਂ ਸੀਰੀਜ਼ 'ਚ ਸਿੱਖ ਕਿਰਦਾਰ ਨੂੰ ਮੁੱਖ ਭੂਮਿਕਾ 'ਚ ਰੱਖਿਆ ਗਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਮੈਂ ਮੰਗ ਕਰਦਾ ਹਾਂ ਕਿ ਫਿਲਮ ਤੋਂ ਇਸ ਸੀਨ ਨੂੰ ਜਲਦ ਤੋਂ ਜਲਦ ਹਟਾਇਆ ਜਾਵੇ ਨਹੀਂ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।