ਮੁਬੰਈ—ਸੁਪਰ ਸਟਾਰ ਸਲਮਾਨ ਖਾਨ ਨੂੰ ਜੋਧਪੁਰ ਸੈਸ਼ਨ ਕੋਰਟ ਤੋਂ ਜਮਾਨਤ ਮਿਲ ਗਈ ਹੈ। ਕਾਲਾ ਹਿਰਣ ਸ਼ਿਕਾਰ ਮਾਮਲੇ 'ਚ ਸਲਮਾਨ ਖਾਨ ਨੂੰ ਜੋਧਪੁਰ ਦੀ ਸਪੈਸ਼ਲ ਕੋਰਟ ਨੇ 5 ਸਾਲ ਜੇਲ ਦੀ ਸਜ਼ਾ ਸੁਣਾਈ ਸੀ। ਸਲਮਾਨ ਵੀਰਵਾਰ ਤੋਂ ਹੀ ਜੋਧਪੁਰ ਸੈਂਟਰਲ ਜੇਲ 'ਤ ਬੰਦ ਸੀ। ਅੱਜ ਸੈਸ਼ਨ ਕੋਰਟ ਨੇ ਇਸ ਮਾਮਲੇ 'ਤੇ ਸੁਣਵਾਈ ਕਰਦੇ ਹੋਏ ਉਨ੍ਹਾਂ ਨੂੰ 50 ਹਜ਼ਾਰ ਦੇ ਨਿੱਜੀ ਮੁਚਲਕੇ ਨਾਲ ਜਮਾਨਤ ਦੇ ਦਿੱਤੀ ਗਈ ਹੈ।

ਹਾਲ ਹੀ 'ਚ ਸਲਮਾਨ ਖਾਨ ਜੋਧਪੁਰ ਜੇਲ ਤੋਂ ਸਿੱਧਾ ਏਅਰਪੋਰਟ ਪਹੁੰਚੇ ਸਨ। ਜਿੱਥੇ ਪਹਿਲਾ ਤੋਂ ਹੀ ਉਨ੍ਹਾਂ ਦੀਆਂ ਦੋਵੇਂ ਭੈਣਾਂ ਅਰਪਿਤਾ ਅਤੇ ਅਰਵੀਰਾ ਏਅਰਪੋਰਟ 'ਤੇ ਮੌਜੂਦਾ ਸਨ। ਖਬਰਾਂ ਮੁਤਾਬਕ ਉਨ੍ਹਾਂ ਦਾ ਚਾਰਟਰਡ ਪਲੇਨ ਜੋਧਪੁਰ ਪਹੁੰਚਿਆਂ ਜਿਸ 'ਚ ਸਲਮਾਨ ਮੁੰਬਈ ਲਈ ਰਵਾਨਾ ਹੋਏ ਸਨ।

ਜਦੋਂ ਉਹ ਘਰ ਪਹੁੰਚੇ ਤਾਂ ਸਲਮਾਨ ਦੇ ਫੈਂਸ ਨੇ ਉਨ੍ਹਾਂ ਦੇ ਘਰ ਸਾਹਮਣੇ ਆਤਿਸ਼ਬਾਜੀ ਕਰ ਉਨ੍ਹਾਂ ਦਾ ਸੁਆਗਤ ਕੀਤਾ। ਘਰ ਪਹੁੰਚ ਕੇ ਸਲਮਾਨ ਖਾਨ ਨੇ ਬਾਲਕਨੀ ਤੋਂ ਹੱਥ ਹਿਲਾ ਕੇ ਫੈਂਸ ਦਾ ਧੰਨਵਾਦ ਕੀਤਾ।

ਦੱਸ ਦਈਏ ਕਿ ਜੇਲ ਤੋਂ ਏਅਰਪੋਰਟ ਜਾਂਦੇ ਸਮੇਂ ਸਲਮਾਨ ਨੂੰ ਦੇਖਣ ਲਈ ਲੋਕਾਂ ਦੀ ਬਹੁਤ ਭੀੜ ਜਮ੍ਹਾ ਹੋ ਗਈ ਸੀ। ਸਲਮਾਨ ਨੂੰ ਇਕ ਝਲਕ ਦੇਖਣ ਲਈ ਫੈਂਸ ਉਨ੍ਹਾਂ ਦੀ ਗੱਡੀ ਦੇ ਨਾਲ-ਨਾਲ ਚੱਲਦੇ ਨਜ਼ਰ ਆਏ।ਸਲਮਾਨ ਖਾਨ ਨੂੰ ਮਿਲਣ ਕੈਟਰੀਨਾ ਕੈਫ ਵੀ ਉਨ੍ਹਾਂ ਦੀ ਘਰ ਪਹੁੰਚੀ।

ਕੋਰਟ ਨੇ ਕਿਹਾ ਕਿ ਸਲਮਾਨ ਖਾਨ ਨੂੰ 7 ਮਈ ਨੂੰ ਕੋਰਟ 'ਚ ਆਉਣਾ ਹੋਵੇਗਾ। ਨਾਲ ਹੀ ਕੋਰਟ ਨੇ ਕਿਹਾ ਕਿ ਉਨ੍ਹਾਂ ਨੂੰ ਦੇਸ਼ ਛੱਡਣ ਤੋਂ ਪਹਿਲਾਂ ਕੋਰਟ ਦੀ ਇਜ਼ਾਜਤ ਲੈਣੀ ਹੋਵੇਗੀ। ਸਲਮਾਨ ਦੇ ਵਕੀਲ ਮਹੇਸ਼ ਬੋੜਾ ਨੇ ਮੀਡੀਆ ਨੂੰ ਦੱਸਿਆ ਕਿ ਜੱਜ ਨੇ ਕਿਹਾ 'ਬੇਲ ਗ੍ਰਾਨਟਿਡ'।

ਸਲਮਾਨ ਦੀ ਜਮਾਨਤ ਨਾਲ ਫੈਂਸ ਜਸ਼ਨ ਮਨਾ ਰਹੇ ਹਨ। ਸਲਮਾਨ ਦੇ ਘਰ ਦੇ ਬਾਹਰ ਫੈਂਸ ਪੋਸਟਰ-ਬੈਨਰ ਲੈ ਕੇ ਪਹੁੰਚੇ ਹਨ। ਸਲਮਾਨ ਦੇ ਨਾਲ-ਨਾਲ ਉਨ੍ਹਾਂ ਦੇ ਫੈਂਸ ਅਤੇ ਪਰਿਵਾਰ ਵਾਲਿਆਂ ਨੇ ਸੁੱਖ ਦਾ ਸਾਹ ਲਿਆ।