ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਕਾਰਾਂ ਦੀ ਸਵਾਰੀ ਚੰਦ ਘੰਟਿਆਂ 'ਚ ਕਰੋੜਾਂ ਰੁਪਏ ਚੁੱਕਾ ਕੇ ਕਰ ਸਕਦੇ ਹਨ ਪਰ ਘੋੜੇ ਦੀ ਸਵਾਰੀ ਉਨ੍ਹਾਂ ਲਈ ਮੁਸ਼ਕਿਲ ਸਾਬਿਤ ਹੋ ਰਹੀ ਹੈ। ਸਲਮਾਨ ਖਾਨ ਦਾ ਇਕ ਚਿੱਟੇ ਘੋੜੇ 'ਤੇ ਦਿਲ ਆਇਆ ਹੈ ਪਰ ਉਹ ਇਸ ਨੂੰ ਖਰੀਦਣ 'ਚ ਅਸੰਭਵ ਰਹੇ। ਜਦੋਂ ਕਿ ਸਲਮਾਨ ਇਸ ਦੀ ਕੀਮਤ ਦੋ ਕਰੋੜ ਰੁਪਏ ਤੱਕ ਲਾ ਚੁੱਕੇ ਹਨ। ਸਕਬ ਨਾਂ ਦੇ ਇਸ ਘੋੜੇ ਨੂੰ ਸਲਮਾਨ ਖਾਨ ਇਕ ਏਜੈਂਟ ਦੇ ਮਾਰਫਤ ਖਰੀਦਣਾ ਚਾਹੁੰਦੇ ਸਨ। ਉਨ੍ਹਾਂ ਨੇ ਇਸ ਲਈ ਓਪਲਾਡ 'ਚ ਰਹਿਣ ਵਾਲੇ ਮਾਲਕ ਸਿਰਾਜ ਖਾਨ ਅੱਗੇ ਇਸ ਘੋੜੇ ਦੀ ਕੀਮਤ 2 ਕਰੋੜ ਰੁਪਏ ਤੱਕ ਲਾ ਦਿੱਤੀ ਪਰ ਸਿਰਾਜ ਇਸ ਲਈ ਰਾਜੀ ਨਾ ਹੋਇਆ। ਉਹ ਕਿਸੇ ਵੀ ਕੀਮਤ 'ਤੇ ਆਪਣੇ ਘੋੜੇ ਤੋਂ ਦੂਰ ਨਹੀਂ ਹੋਣਾ ਚਾਹੁੰਦਾ। ਦੱਸ ਦੇਈਏ ਕਿ ਇਕ ਸਾਲ ਪਹਿਲਾਂ ਪੰਜਾਬ ਦੇ ਬਾਦਲ ਪਰਿਵਾਰ ਨੇ ਇਸ ਘੋੜੇ ਦੀ ਕੀਮਤ 1.11 ਕਰੋੜ ਰੁਪਏ ਲਾਈ ਸੀ ਪਰ ਉਸ ਸਮੇਂ ਵੀ ਸਿਰਾਜ ਨੇ ਇਸ ਨੂੰ ਵੇਚਣ ਤੋਂ ਇਨਕਾਰ ਕਰ ਦਿੱਤਾ। ਸਿਰਾਜ ਆਖਦੇ ਹਨ ਕਿ ਸਕਬ ਘੋੜਾ ਮੇਰੇ ਲਈ ਬੇਸ਼ਕੀਮਤੀ ਹੈ। ਉਸ ਦੀ ਬੋਲੀ ਨਹੀਂ ਲਾਈ ਜਾ ਸਕਦੀ। ਮੈਂ ਉਸ ਨੂੰ ਜੈਸਲਮੇਰ ਤੋਂ ਸਾਲ 2015 'ਚ 14 ਲੱਖ ਰੁਪਏ 'ਚ ਖਰੀਦਿਆ ਸੀ।

ਕੀ ਕੀਮਤ ਹੈ ਸਕਬ ਦੀ?
ਸਕਬ ਆਪਣੀ ਤਰ੍ਹਾਂ ਦਾ ਦੇਸ਼ 'ਚ ਇਕਲੌਤਾ ਘੋੜਾ ਹੈ। ਇਹ ਨਸਲ ਬੇਹੱਦ ਦੁਰਲਭ ਮੰਨੀ ਜਾਂਦੀ ਹੈ। ਸਕਬ ਦੀ ਉਮਰ ਸਿਰਫ 6 ਸਾਲ ਹੈ ਤੇ ਉਸ ਦਾ ਕਰਤਵ ਬੇਮਿਸਾਲ ਹੈ। ਸਕਬ 45 ਕਿਲੋ ਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਦੌੜਦਾ ਹੈ ਤੇ ਇਹ ਦੇਸ਼ ਦਾ ਸਭ ਤੋਂ ਤੇਜ਼ ਦੋੜਨ ਵਾਲਾ ਘੋੜਾ ਹੈ। ਸਕਬ ਹੁਣ ਤੱਕ 3 ਨੈਸ਼ਨਲ ਐਵਾਰਡਜ਼ ਜਿੱਤ ਚੁੱਕਾ ਹੈ। 31 ਜਨਵਰੀ ਨੂੰ ਰਾਜਸਥਾਨ ਦੇ ਜੈਸਲਮੇਰ ਦੇ ਮਰੂ ਸਮਾਰੋਹ 'ਚ ਵੀ ਦੇਸ਼ ਭਰ ਦੇ ਘੋੜਿਆਂ ਨੂੰ ਇਸ ਨੇ ਪਿੱਛੇ ਛੱਡ ਦਿੱਤਾ ਸੀ। ਦੁਨੀਆ 'ਚ ਇਸ ਨਾਲ ਮਿਲਦੀ-ਜੁਲਦੀ ਨਸਲ ਦੇ ਦੋ ਹੋਰ ਘੋੜੇ ਹਨ। ਇਨ੍ਹਾਂ 'ਚੋਂ ਇਕ ਅਮਰੀਕਾ 'ਚ ਹੈ ਤੇ ਦੂਜਾ ਕੈਨੇਡਾ 'ਚ। ਸਲਮਾਨ ਤੇ ਬਾਦਲ ਪਰਿਵਾਰ ਹੀ ਨਹੀਂ ਸਗੋਂ ਸੱਤ ਹੋਰ ਪਾਰਟੀਆਂ ਵੀ ਇਸ ਘੋੜੇ ਲਈ ਵੱਡੀ ਕੀਮਤ ਲਾ ਚੁੱਕੀਆਂ ਹਨ।