ਜਲੰਧਰ— ਪੰਜਾਬੀ ਤੇ ਬਾਲੀਵੁੱਡ ਗੀਤਾਂ ਦੇ ਮਸ਼ਹੂਰ ਗਾਇਕ ਤੇ ਰੈਪਰ ਫੈਜ਼ਲਪੁਰੀਆ ਨੇ ਵੱਖ-ਵੱਖ ਗੀਤਾਂ ਨਾਲ ਲੋਕਾਂ ਦੇ ਦਿਲਾਂ 'ਚ ਖਾਸ ਪਛਾਣ ਬਣਾਈ ਹੈ। ਹਾਲਾਂਕਿ ਲੰਘੀ ਰਾਤ ਉਨ੍ਹਾਂ ਦਾ ਪੁਲਸ ਨਾਲ ਵਿਵਾਦ ਹੋ ਗਿਆ। ਅਸਲ 'ਚ ਫੈਜ਼ਲਪੁਰੀਆ ਆਪਣੀ ਮਰਸਡੀਜ਼ ਗੱਡੀ ਨੂੰ ਸ਼ਰਾਬ ਪੀ ਕੇ ਚਲਾ ਰਹੇ ਸਨ ਤੇ ਇਸ ਦੌਰਾਨ ਐੱਮ. ਜੀ. ਰੋਡ 'ਤੇ ਡਰੰਕ ਐਂਡ ਡਰਾਈਵ ਅਭਿਆਨ ਚਲਾ ਰਹੀ ਪੁਲਸ ਨੇ ਉਨ੍ਹਾਂ ਦੀ ਗੱਡੀ ਨੂੰ ਰੋਕ ਲਿਆ। ਜਦੋਂ ਗਾਇਕ ਫੈਜ਼ਲਪੁਰੀਆ ਫੜਿਆ ਗਿਆ ਤਾਂ ਉਨ੍ਹਾਂ ਨੇ ਹਾਈਵੇ 'ਤੇ ਖੂਬ ਹੰਗਾਮਾ ਕੀਤਾ।
ਕੈਮਰੇ ਨੂੰ ਦੇਖ ਫੈਜ਼ਲਪੁਰੀਆ ਅੱਧੇ ਘੰਟੇ ਤੱਕ ਹੰਗਾਮਾ ਕਰਦੇ ਰਹੇ। ਇਸ ਦੌਰਾਨ ਉਨ੍ਹਾਂ ਨੇ ਪੁਲਸ 'ਤੇ ਆਪਣਾ ਰੋਅਬ ਵੀ ਝਾੜਨਾ ਚਾਹਿਆ ਪਰ ਪੁਲਸ ਸਾਹਮਣੇ ਉਨ੍ਹਾਂ ਦੀ ਇਕ ਨਾ ਚੱਲੀ।
ਉਨ੍ਹਾਂ ਨੂੰ 1 ਨਹੀਂ ਸਗੋਂ 3 ਵਾਰ ਚੈੱਕ ਕੀਤਾ ਗਿਆ, ਜਿਸ ਦੌਰਾਨ ਇਹ ਸਾਬਿਤ ਹੋ ਗਿਆ ਕਿ ਫੈਜ਼ਲਪੁਰੀਆ ਨੇ ਸ਼ਰਾਬ ਪੀਤੀ ਹੈ। ਦੱਸਣਯੋਗ ਹੈ ਕਿ ਫੈਜ਼ਲਪੁਰੀਆ ਦੀ ਗੱਡੀ 'ਚੋਂ ਸ਼ਰਾਬ ਦੇ ਭਰੇ ਗਲਾਸ ਵੀ ਬਰਾਮਦ ਕੀਤੇ ਗਏ ਹਨ।
ਪੁਲਸ ਕਰਮਚਾਰੀਆ ਨੇ ਦੱਸਿਆ ਹੈ ਕਿ ਹਰਿਆਣੇ 'ਚ ਇਹ ਨਾਕਾ ਸ਼ਨੀਵਾਰ ਤੇ ਐਤਵਾਰ ਨੂੰ ਹੀ ਲੱਗਦਾ ਹੈ। ਇਸ ਘਟਨਾ ਦੌਰਾਨ ਫੈਜ਼ਲਪੁਰੀਆ ਦੀ ਗੱਡੀ ਨੂੰ ਪੁਲਸ ਨੇ ਆਪਣੇ ਕਬਜ਼ੇ 'ਚ ਲੈ ਲਿਆ ਤੇ ਫਿਰ ਫੈਜ਼ਲਪੁਰੀਆ ਨੂੰ ਕਿਸੇ ਹੋਰ ਗੱਡੀ 'ਚ ਘਰ ਜਾਣਾ ਪਿਆ।