ਨਵੀਂ ਦਿੱਲੀ (ਬਿਊਰੋ)— ਸਮੇਂ-ਸਮੇਂ 'ਤੇ ਵੋਟਰ ਸੂਚੀਆਂ 'ਚ ਗੜਬੜੀ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ ਪਰ ਇਸ ਵਾਰ ਉੱਤਰ ਪ੍ਰਦੇਸ਼ ਦੇ ਬਲੀਆ ਤੋਂ ਇਕ ਹੈਰਾਨੀਜਨਕ ਘਟਨਾ ਸਾਹਮਣੇ ਆਈ ਹੈ। ਪੂਰਬੀ ਉੱਤਰ ਪ੍ਰਦੇਸ਼ ਦੇ ਬਲੀਆ ਦੀ ਵੋਟਰ ਸੂਚੀ ਨੂੰ ਅਪਡੇਟ ਕਰਨ ਦੌਰਾਨ ਇਕ ਅਜੀਬੋ-ਗਰੀਬ ਗੜਬੜੀ ਸਾਹਮਣੇ ਆਈ ਹੈ। ਦਰਅਸਲ ਇੱਥੋਂ ਦੀ ਵੋਟਰ ਸੂਚੀ ਦੀ ਅਪਡੇਟ ਲਿਸਟ 'ਚ ਅਦਾਕਾਰਾ ਸੰਨੀ ਲਿਓਨ ਤੋਂ ਲੈ ਕੇ ਹਾਥੀ, ਕਬੂਤਰ ਅਤੇ ਹਿਰਨ ਦੀਆਂ ਤਸਵੀਰਾਂ ਹਨ। ਦਰਅਸਲ ਸੁਬਿਆਂ ਦੇ ਅਧਿਕਾਰੀਆਂ ਨੂੰ ਉਸ ਸਮੇਂ ਸਖਤ ਸਵਾਲਾਂ ਦਾ ਸਾਹਮਣਾ ਕਰਨਾ ਪਿਆ ਜਦੋਂ ਵੋਟਰ ਸੂਚੀ ਦੇ ਲੀਕ ਹੋਏ ਪੰਨਿਆਂ 'ਤੇ ਜ਼ਿਲਿਆਂ ਦੇ ਨਿਵਾਸੀਆਂ ਦੇ ਨਾਂ 'ਤੇ ਹਾਥੀ, ਕਬੂਤਰ, ਹਿਰਨ ਅਤੇ ਬਾਲੀਵੁੱਡ ਅਭਿਨੇਤਰੀ ਸੰਨੀ ਲਿਓਨ ਦੀਆਂ ਤਸਵੀਰਾਂ ਛਪੀਆਂ ਦਿਖਾਈ ਦਿੱਤੀਆਂ।

ਮੀਡੀਆ 'ਚ ਲੀਕ ਹੋਏ ਇਨ੍ਹਾਂ ਪੰਨਿਆਂ 'ਚ 51 ਸਾਲਾ ਮਹਿਲਾ ਦੀ ਥਾਂ ਫਿਲਮੀ ਸਟਾਰ ਸੰਨੀ ਲਿਓਨ ਦੀ ਤਸਵੀਰ ਦਿਖਾਈ ਦੇ ਰਹੀ ਹੈ ਜਦਕਿ 56 ਸਾਲ ਦੇ ਬਜ਼ੁਰਗ ਵਿਅਕਤੀ ਦੇ ਨਾਂ ਦੀ ਜਗ੍ਹਾ ਹਾਥੀ ਦੀ ਤਸਵੀਰ ਦਿਖਾਈ ਦੇ ਰਹੀ ਹੈ। ਹਾਲਾਂਕਿ ਇਸ ਅਪਡੇਟਿਡ ਵੋਟਰ ਲਿਸਟ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਨੂੰ ਹਾਲੇ ਤੱਕ ਜਨਤਕ ਨਹੀਂ ਕੀਤਾ ਗਿਆ ਹੈ। ਸਥਾਨਕ ਪੱਤਰਕਾਰਾਂ ਨੇ ਇਸ ਨੂੰ ਲੀਕ ਕੀਤਾ ਅਤੇ ਜ਼ਿਲਾ ਅਧਿਕਾਰੀਆਂ ਤੋਂ ਸਪਸ਼ਟੀਕਰਨ ਦੀ ਮੰਗ ਕੀਤੀ ਹੈ।

ਬਲੀਆ ਦੇ ਜ਼ਿਲਾ ਪ੍ਰਸ਼ਾਸਨ ਦੇ ਇਕ ਸੀਨੀਅਰ ਅਧਿਕਾਰੀ ਮਨੋਜ ਕੁਮਾਰ ਸਿੰਘਲ ਨੇ ਕਿਹਾ ਕਿ ਇਹ ਸਾਡੇ ਡਾਟਾ ਆਪਰੇਟਰਸ 'ਚੋਂ ਕਿਸੇ ਇਕ ਦੀ ਗਲਤੀ ਹੈ। ਉਸ ਨੂੰ ਹਾਲ ਹੀ 'ਚ ਸ਼ਹਿਰੀ ਇਲਾਕੇ ਤੋਂ ਗ੍ਰਾਮੀਣ ਇਲਾਕੇ 'ਚ ਟ੍ਰਾਂਸਫਰ ਕਰ ਦਿੱਤਾ ਗਿਆ ਹੈ। ਅਸੀਂ ਉਸ ਸ਼ਖਸ ਵਿਰੁੱਧ ਐੱਫ. ਆਈ. ਆਰ. ਦਰਜ ਕਰਵਾਈ ਹੈ ਅਤੇ ਅਸੀਂ ਇਨ੍ਹਾਂ ਨੂੰ ਠੀਕ ਕਰ ਰਹੇ ਹਾਂ। ਬਲੀਆ ਦੇ ਐਡੀਸ਼ਨਲ ਜ਼ਿਲਾ ਮੈਜਿਸਟ੍ਰੇਟ ਨੇ ਕਿਹਾ ਕਿ ਸਾਨੂੰ 15 ਅਗਸਤ ਨੂੰ ਪਤਾ ਲੱਗਾ ਕਿ ਲਗਭਗ 7-8 ਵੋਟਰਾਂ ਦੀ ਵੋਟਰ ਆਈ. ਡੀ. ਨਾਲ ਛੇੜਛਾੜ ਕੀਤੀ ਗਈ ਹੈ ਅਤੇ ਉਨ੍ਹਾਂ ਦੀਆਂ ਤਸਵੀਰਾਂ ਨੂੰ ਪੰਛੀਆਂ ਅਤੇ ਜਾਨਵਰਾਂ ਨਾਲ ਬਦਲ ਦਿੱਤਾ ਗਿਆ ਹੈ। ਇਹ ਸਪਸ਼ਟ ਸੀ ਕਿ ਇਹ ਸਾਡੇ ਆਪਰੇਟਰਾਂ 'ਚੋਂ ਕਿਸੇ ਇਕ ਵਲੋਂ ਕੀਤਾ ਗਿਆ ਹੈ। ਆਪਰੇਟਰ ਵਿਸ਼ਣੂ ਦੇਵ ਵਰਮਾ ਨੂੰ ਹੁਣ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਉੱਤਰ ਪ੍ਰਦੇਸ਼ 'ਚ ਵੋਟਰ ਸੂਚੀ ਅਪਡੇਟ ਕੀਤੀ ਜਾ ਰਹੀ ਹੈ। ਸਥਾਨਕ ਸਮਾਚਾਰ ਪੱਤਰ ਦੀ ਰਿਪੋਰਟ ਮੁਤਾਬਕ ਬਲੀਆ 'ਚ ਇਸ ਲਈ 15 ਜੁਲਾਈ ਦੀ ਡੈੱਡਲਾਈਨ ਸੀ। ਡਾਟਾ ਜ਼ਿਲਾ ਪ੍ਰਸ਼ਾਸਨ ਵਲੋਂ ਨਿਯੁਕਤ ਬੂਥ-ਪੱਧਰ ਦੇ ਅਧਿਕਾਰੀਆਂ ਵਲੋਂ ਲਿਸਟ ਲਈ ਡਾਟਾ ਪ੍ਰਦਾਨ ਕੀਤਾ ਜਾਂਦਾ ਹੈ।

ਡਾਟਾ ਐਂਟਰੀ ਆਪਰੇਟਰਾਂ ਵਲੋਂ ਡਾਟਾ ਨੂੰ ਦਰਜ ਕੀਤਾ ਜਾਂਦਾ ਹੈ ਅਤੇ ਆਨਲਾਈਨ ਮੈਚ ਕੀਤਾ ਜਾਂਦਾ ਹੈ। ਹਾਲਾਂਕਿ ਆਖਰੀ ਸੂਚੀ ਦੀ ਮਨਜ਼ੂਰੀ ਸੀਨੀਅਰ ਅਧਿਕਾਰੀਆਂ ਵਲੋਂ ਦਿੱਤੀ ਜਾਂਦੀ ਹੈ ਅਤੇ ਸੂਤਰਾਂ ਦਾ ਕਹਿਣਾ ਹੈ ਕਿ ਇਹ ਗਲਤੀ ਉਸ ਸਮੇਂ ਸਾਹਮਣੇ ਆਈ, ਜਦੋਂ ਡਾਟਾ ਦੀ ਜਾਂਚ-ਪੜਤਾਲ ਕੀਤੀ ਜਾ ਰਹੀ ਸੀ।