ਨਵੀਂ ਦਿੱਲੀ— ਦੁਨੀਆ ਦੇ ਲਈ ਸਭ ਤੋਂ ਵੱਡੀ ਚੁਣੌਤੀ ਬਣਦੇ ਜਾ ਰਹੇ ਕੋਰੋਨਾ ਵਾਇਰਸ ਨਾਲ ਹੁਣ ਤਕ ਹਜ਼ਾਰਾਂ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਪੂਰੇ ਦੇਸ਼ 'ਚ ਲਾਕਡਾਊਨ ਹੈ। ਕੋਰੋਨਾ ਦੇ ਚੱਲਦੇ ਭਿਆਨਕ ਹਾਲਾਤਾਂ ਦੇ ਕਾਰਨ ਹੀ ਇਸ ਵਾਇਰਸ ਨਾਲ ਜੁੜੀ ਛੋਟੀ ਤੋਂ ਛੋਟੀ ਚੀਜ਼ ਵੀ ਵਾਇਰਲ ਹੋ ਰਹੀ ਹੈ। ਕੁਝ ਸਮਾਂ ਪਹਿਲਾਂ ਸਟੀਵਨ ਸੋਡਰਬਰਗ ਦੀ ਫਿਲਮ Contagion ਅਚਾਨਕ ਟ੍ਰੇਂਡ ਹੋਣ ਲੱਗੀ ਸੀ। ਸਾਲ 2011 'ਚ ਰਿਲੀਜ਼ ਹੋਈ ਇਸ ਫਿਲਮ 'ਚ ਵੀ ਬਹੁਤ ਹੱਦ ਤਕ ਅਜਿਹੇ ਹਾਲਾਤ ਸਨ, ਜਿਵੇਂ ਅੱਜ ਦੇ ਦੌਰ 'ਚ ਕੋਰੋਨਾ ਦੇ ਫੈਲਣ ਨਾਲ ਹੋ ਰਹੀ ਹੈ। ਹੁਣ ਅਭਿਨੇਤਰੀ ਤੇ ਲੇਖਕ ਟਵਿੰਕਲ ਖੰਨਾ ਨੇ ਵੀ ਦਾਅਵਾ ਕੀਤਾ ਹੈ ਕਿ ਉਹ ਪੰਜ ਸਾਲ ਪਹਿਲਾਂ ਹੀ ਕੋਰੋਨਾ ਵਰਗੀ ਕਹਾਣੀ ਲਿਖ ਚੁੱਕੀ ਸੀ।
ਟਵਿੰਕਲ ਨੇ ਟਵਿੱਟਰ 'ਤੇ 2 ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ ਤਸਵੀਰਾਂ 'ਚ ਟਵਿੰਕਲ ਦੇ ਨੋਟਸ ਨੂੰ ਦੇਖਿਆ ਜਾ ਸਕਦਾ ਹੈ, ਜਿਸ 'ਚ ਇਕ ਕਹਾਣੀ ਲਿਖੀ ਗਈ ਹੈ। ਇਸ ਕਹਾਣੀ 'ਚ ਇਕ ਪਰਿਵਾਰ ਹੈ, ਜਿਸ 'ਚ ਪਿਤਾ ਸਰੀਰਕ ਸਿੱਖਿਆ ਅਧਿਆਪਕ ਹੈ, ਮਾਂ ਸਾਈਕੋਥੇਰੇਪਿਸਟ ਹੈ ਤੇ ਉਸਦਾ ਇਕ 12 ਸਾਲ ਦਾ ਬੇਟਾ ਹੈ। ਕਹਾਣੀ ਅਨੁਸਾਰ ਦੇਸ਼ ਇਕ ਬੈਕਟੀਰੀਆ ਦੇ ਚਲਦੇ ਕੁਆਰੰਟੀਨ 'ਚ ਹੈ, ਏਅਰਪੋਰਟ ਬੰਦ ਹੋ ਚੁੱਕਿਆ ਹੈ। ਫੌਜ ਘਰਾਂ ਨੂੰ ਚੈੱਕ ਕਰ ਰਹੀ ਹੈ। ਲੋਕ ਆਪਣੇ ਸੰਕ੍ਰਮਿਤ ਗੁਆਂਢੀਆਂ ਦੇ ਵਾਰੇ 'ਚ ਰਿਪੋਰਟ ਕਰ ਰਹੇ ਹਨ। ਇਨ੍ਹਾਂ ਲੋਕਾਂ ਨੂੰ ਕੈਂਪ 'ਚ ਲੈ ਕੇ ਜਾ ਰਹੇ ਹਨ ਤੇ ਉਨ੍ਹਾਂ ਨੂੰ ਮਰਨ ਦੇ ਲਈ ਛੱਡ ਦਿੱਤਾ ਜਾਂਦਾ ਹੈ।
ਵਿਗਿਆਨੀ ਇਸ ਵਾਇਰਸ ਦਾ ਤੋੜ ਕੱਢਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ ਪਰ ਇਹ ਬੈਕਟੀਰੀਆ ਲਗਾਤਾਰ ਮਿਯੂਟੇਟ ਹੋ ਰਹੇ ਹਨ। ਇਹ ਬੈਕਟੀਰੀਆ ਹਵਾ 'ਚ ਵੀ ਫੈਲਦਾ ਹੈ। ਇਸ ਬੈਕਟੀਰੀਆ ਨਾਲ ਲੋਕਾਂ ਨੂੰ ਉਲਟੀ ਹੁੰਦੀ ਹੈ, ਠੰਡ ਲੱਗਦੀ ਹੈ, ਫਿਰ ਹੌਲੀ-ਹੌਲੀ ਇਨਸਾਨ ਟੈਸਟ ਕਰਨ ਦੀ ਯੋਗਤਾ ਗੁਆ ਦਿੰਦਾ ਹੈ। ਉਸ ਤੋਂ ਬਾਅਦ ਸੁਣਨ ਦੀ ਯੋਗਤਾ 'ਤੇ ਅਸਰ ਪੈਂਦਾ ਹੈ ਤੇ ਫਿਰ ਸਾਰੀਆਂ ਇੰਦਰੀਆਂ ਖਰਾਬ ਹੋਣ ਲੱਗ ਜਾਂਦੀਆਂ ਹਨ ਤੇ ਤਿੰਨ ਦਿਨਾਂ ਦੇ ਅੰਦਰ ਇਨਸਾਨ ਦੀ ਮੌਤ ਹੋ ਜਾਂਦੀ ਹੈ।
ਟਵਿੰਕਲ ਨੇ ਇਸ ਟਵੀਟ ਦੇ ਕੈਪਸ਼ਨ 'ਚ ਲਿਖਿਆ ਇਹ ਇਕ ਸਟੋਰੀ ਆਈਡੀਆ ਮੈਂ ਆਪਣੇ ਅਡੀਟਰ ਨੂੰ ਦੱਸਿਆ ਸੀ। ਤੁਸੀਂ ਦੇਖ ਸਕਦੇ ਹੋ ਕਿ ਇਸ ਤਸਵੀਰ 'ਚ ਤਾਰੀਖ ਵੀ ਲਿਖੀ ਹੋਈ ਹੈ। ਇਹ ਅਕਤੂਬਰ 2015 ਦੀ ਗੱਲ ਸੀ। ਉਨ੍ਹਾਂ ਨੇ ਮੇਰਾ ਇਹ ਆਈਡੀਆ ਕਹਿ ਕੇ ਖਾਰਜ਼ ਕਰ ਦਿੱਤਾ ਸੀ ਕਿ ਇਹ ਬਹੁਤ ਦੂਰ-ਦਰਾਜ਼ ਦਾ ਆਈਡੀਆ ਹੈ ਤੇ ਇਸ ਕਹਾਣੀ 'ਚ ਮਜ਼ਾਕ ਦਾ ਕਈ ਸਕੋਪ ਨਹੀਂ ਹੈ। ਹੁਣ ਤਾਂ ਮੈਂ ਇਸ ਕਹਾਣੀ ਨੂੰ ਨਹੀਂ ਲਿਖਾਂਗੀ ਪਰ 5 ਸਾਲ ਬਾਅਦ ਅਹਿਸਾਸ ਹੁੰਦਾ ਹੈ ਕਿ ਇਹ ਦੂਰ ਦਰਾਜ਼ ਨਹੀਂ ਬਲਕਿ ਸਾਡੇ ਸਮੇਂ ਦੀ ਸਚਾਈ ਹੈ।