ਨਵੀਂ ਦਿੱਲੀ (ਬਿਊਰੋ) : ਜੇ. ਐੱਨ. ਯੂ 'ਚ ਹੋਈ ਹਿੰਸਾ ਤੇ ਵਿਦਿਆਰਥੀਆਂ ਦੇ ਸਮਰਥਨ 'ਚ ਅਦਾਕਾਰਾ ਦੀਪਿਕਾ ਪਾਦੂਕੋਣ ਮੰਗਲਵਾਰ ਸ਼ਾਮ ਨੂੰ ਯੂਨੀਵਰਸਿਟੀ ਪੁੱਜੀ। ਹਾਲਾਂਕਿ ਉਨ੍ਹਾਂ ਕਿਸੇ ਤਰ੍ਹਾਂ ਦਾ ਬਿਆਨ ਨਹੀਂ ਦਿੱਤਾ। ਉੱਥੇ ਉਹ ਕਰੀਬ 10 ਮਿੰਟ ਤੱਕ ਹੀ ਰਹੀ। ਦੀਪਿਕਾ ਦੀ ਆਗਾਮੀ 10 ਜਨਵਰੀ ਨੂੰ ਫਿਲਮ 'ਛਪਾਕ' ਦੇਸ਼ ਭਰ 'ਚ ਰਿਲੀਜ਼ ਹੋਣ ਵਾਲੀ ਹੈ। ਇਹ ਫਿਲਮ ਐਸਿਡ ਅਟੈਕ ਸਰਵਾਈਵਰ ਤੇ ਐਕਟੀਵਿਸਟ ਲਕਸ਼ਮੀ ਦੇ ਜੀਵਨ 'ਤੇ ਆਧਾਰਿਤ ਹੈ। ਦੀਪਿਕਾ ਦੇ ਜੇ. ਐੱਨ. ਯੂ. ਪਹੁੰਚਣ 'ਤੇ ਭਾਜਪਾ ਹਮਾਇਤੀ ਲੋਕਾਂ 'ਚ ਨਾਰਾਜ਼ਗੀ ਹੈ। ਉਨ੍ਹਾਂ ਫਿਲਮ 'ਛਪਾਕ' ਦਾ ਬਾਈਕਾਟ #boycottchhapaak ਕਰਨ ਦਾ ਸੱਦਾ ਦਿੱਤਾ ਹੈ। ਦਿੱਲੀ ਭਾਜਪਾ ਦੇ ਬੁਲਾਰੇ ਤਜਿੰਦਰ ਪਾਲ ਬੱਗਾ ਨੇ ਟਵੀਟ ਕਰਕੇ ਦੀਪਿਕਾ ਦੀਆਂ ਫਿਲਮਾਂ ਦਾ ਬਾਈਕਾਟ ਕਰਨ ਦੀ ਮੰਗ ਕੀਤੀ ਹੈ। ਦੀਪਿਕਾ ਨੂੰ ਟੁਕੜੇ-ਟੁਕੜੇ ਗੈਂਗ ਤੇ ਅਫਜ਼ਲ ਗੈਂਗ ਦਾ ਸਮਰਥਕ ਦੱਸਿਆ। ਭਾਜਪਾ ਬੁਲਾਰੇ ਸੰਬਿਤ ਪਾਤਰਾ ਨੇ ਇਕ ਟੀ. ਵੀ. ਚੈਨਲ 'ਤੇ ਗੱਲਬਾਤ ਦੌਰਾਨ ਕਿਹਾ ਹੈ ਕਿ ਦੀਪਿਕਾ ਪਾਦੂਕੋਣ ਨੂੰ ਜਿੱਥੇ ਚਾਹੁਣ ਜਾਣ ਦਾ ਅਧਿਕਾਰ ਹੈ ਪਰ ਦੇਸ਼ ਦੇ ਲੋਕਾਂ ਨੂੰ ਉਨ੍ਹਾਂ ਦਾ ਕਾਰਵਾਈ ਨੂੰ ਪਰਖਣ ਦਾ ਵੀ ਅਧਿਕਾਰ ਹੈ। ਇਸ ਤੋਂ ਪਹਿਲਾਂ ਜੇ. ਐੱਨ. ਯੂ. ਵਿਦਿਆਰਥੀਆਂ ਦੇ ਸਮਰਥਨ 'ਚ ਸੋਮਵਾਰ ਨੂੰ ਮੁੰਬਈ ਦੇ ਕਾਰਟਰ ਰੋਡ 'ਤੇ ਪ੍ਰਦਰਸ਼ਨ ਹੋਇਆ, ਜਿਸ 'ਚ ਦੀਆ ਮਿਰਜ਼ਾ, ਅਨੁਰਾਗ ਕਸ਼ਯਪ, ਜ਼ੋਇਆ ਅਖਤਰ, ਵਿਸ਼ਾਲ ਭਾਰਦਵਾਜ, ਸਵਾਨੰਦ ਕਿਰਕਿਰੇ, ਰਿਚਾ ਚੱਢਾ, ਅਨੁਭਵ ਸਿਨ੍ਹਾ, ਗੌਹਰ ਖਾਨ ਸਮੇਤ ਕਈ ਕਲਾਕਾਰਾਂ ਨੇ ਹਿੱਸਾ ਲਿਆ। ਪ੍ਰਦਰਸ਼ਨ 'ਚ ਪਹੁੰਚੇ ਸਿਤਾਰਿਆਂ ਤੋਂ ਇਲਾਵਾ ਵੀ ਕਈ ਸ਼ਖਸੀਅਤਾਂ ਨੇ ਸੋਸ਼ਲ ਮੀਡੀਆ ਜ਼ੀਰਏ ਵਿਦਿਆਰਥੀਆਂ 'ਤੇ ਹੋਏ ਹਮਲੇ ਦੀ ਨਿੰਦਾ ਕੀਤੀ ਸੀ।