FacebookTwitterg+Mail

ਨਹੀਂ ਰਿਹਾ 'ਨਿੱਕਾ ਜ਼ੈਲਦਾਰ' ਦਾ 'ਸਾਊ ਦਾਦਾ' ਕਿਸ਼ੋਰ ਸ਼ਰਮਾ

kishore sharma died
12 December, 2016 10:25:29 PM
ਜਲੰਧਰ (ਬੇਦੀ)— ਪੰਜਾਬੀ ਫਿਲਮਾਂ ਅਤੇ ਥਿਏਟਰ ਦਾ ਇਕ ਵਧੀਆ ਕਲਾਕਾਰ ਕਿਸ਼ੋਰ ਸ਼ਰਮਾ ਅੱਜ ਇਸ ਸੰਸਾਰ ਨੂੰ ਅਲਵਿਦਾ ਕਹਿ ਗਿਆ। ਕੁਰਾਲੀ ਲਾਗੇ ਇਕ ਪਿੰਡ ਵਿਚ ਕਪਿਲ ਸ਼ਰਮਾ ਦੀ ਪੰਜਾਬੀ ਫਿਲਮ ਦੀ ਸ਼ੂਟਿੰਗ ਵਿਚ ਗਿਆ ਹੋਇਆ ਕਿਸ਼ੋਰ ਅੱਜ ਸਵੇਰੇ ਆਪਣੇ ਬੈੱਡ 'ਤੇ ਹੀ ਮਰਿਆ ਪਿਆ ਮਿਲਿਆ। ਕਿਸ਼ੋਰ ਸ਼ਰਮਾ ਇਕ ਛੋਟੇ ਜਿਹੇ ਕੱਦ ਦਾ ਵੱਡਾ ਸਟੇਜ ਐਕਟਰ ਸੀ ਅਤੇ ਉਸਨੇ ਆਪਣਾ ਐਕਟਿੰਗ ਦਾ ਕੈਰੀਅਰ ਥਿਏਟਰ ਵਿਚ ਨਿੱਕੇ-ਮੋਟੇ ਰੋਲ ਨਿਭਾਉਂਦਿਆਂ ਆਰੰਭ ਕੀਤਾ। ਪੰਜਾਬੀ ਫਿਲਮਾਂ ਦੇ ਇਸ ਸ਼ੁਰੂਆਤੀ ਦੌਰ ਵਿਚ ਉਸ ਨੂੰ ਬਹੁਤ ਸਾਰਾ ਕੰਮ ਮਿਲਿਆ। ਪਿੱਛੇ ਜਿਹੇ ਰਿਲੀਜ਼ ਹੋਈ 'ਅੰਗਰੇਜ਼' ਫਿਲਮ ਵਿਚ ਉਸਨੇ ਅਮਰਿੰਦਰ ਗਿੱਲ ਦੇ ਦਾਦੇ ਦਾ ਕਿਰਦਾਰ ਨਿਭਾਇਆ ਸੀ। 'ਨਿੱਕਾ ਜੈਲਦਾਰ' ਵਿਚ ਵੀ ਉਸਦੀ ਭੂਮਿਕਾ ਅਹਿਮ ਸੀ।
ਕਿਸ਼ੋਰ ਸ਼ਰਮਾ ਨੇ ਅੱਠਵੇਂ ਦਹਾਕੇ ਵਿਚ ਥਿਏਟਰ ਕਰਨਾ ਆਰੰਭ ਕੀਤਾ ਅਤੇ ਉਸਦੇ ਸਾਥੀਆਂ ਵਿਚ ਹਰਭਜਨ ਜੱਭਲ, ਜਤਿੰਦਰ ਕੌਰ, ਸੁਖਬੀਰ, ਜਗਦੀਸ਼ ਸਚਦੇਵਾ ਅਤੇ ਇੰਦਰਜੀਤ ਸਹਾਰਨ ਸ਼ਾਮਲ ਹਨ। ਉਹ ਇਕ ਥਿਏਟਰ ਕਾਮਾ ਸੀ, ਜੋ ਨਾਟਕ ਦੇ ਹਰ ਵਿਭਾਗ ਲਈ ਕੰਮ ਕਰਦਾ ਰਿਹਾ। ਫਿਰ ਉਹ ਕਈ ਵਰ੍ਹੇ ਗਾਇਬ ਰਿਹਾ ਅਤੇ ਪੜ੍ਹਾਉਣਾ ਸ਼ੁਰੂ ਕਰ ਦਿੱਤਾ। ਇਕ ਹਿੰਦੀ ਫਿਲਮ 'ਲਵ ਸ਼ਵ ਤੇ ਚਿਕਨ ਖੁਰਾਨਾ' ਫਿਲਮ ਵਿਚ ਇਕ ਭੂਮਿਕਾ ਨਾਲ ਉਸਨੇ ਮੁੜ ਫਿਲਮਾਂ ਵਿਚ ਵਾਪਸੀ ਕੀਤੀ। ਇਸ ਮੌਕੇ ਉਹ ਕਈ ਪੰਜਾਬੀ ਫਿਲਮਾਂ ਵਿਚ ਰੋਲ ਕਰ ਰਿਹਾ ਸੀ। ਪ੍ਰਸਿੱਧ ਨਾਟਕਕਾਰ ਜਗਦੀਸ਼ ਸਚਦੇਵਾ ਨੇ ਉਸਦੇ ਚਲੇ ਜਾਣ 'ਤੇ ਅਫਸੋਸ ਪ੍ਰਗਟਾਉਂਦਿਆਂ ਕਿਹਾ ਕਿ ਮੇਰੇ ਇਕ ਨਾਟਕ 'ਸ਼ੂਗਰ ਫ੍ਰੀ' ਵਿਚ ਉਸਨੇ ਕਮਾਲ ਦੀ ਭੂਮਿਕਾ ਨਿਭਾਈ ਹੈ ਅਤੇ ਉਸ ਨੂੰ ਵੇਖ ਕੇ ਉਸ ਬਾਰੇ ਡਾਇਲਾਗ ਲਿਖੇ ਗਏ ਸਨ। ਉਸ ਤੋਂ ਬਿਨਾਂ ਉਹ ਨਾਟਕ ਕਿਵੇਂ ਖੇਡਿਆ ਜਾਵੇਗਾ। ਕਿਸ਼ੋਰ ਸ਼ਰਮਾ ਪਿਛਲੇ ਦੋ-ਢਾਈ ਮਹੀਨਿਆਂ ਤੋਂ ਬੀਮਾਰ ਚੱਲ ਰਿਹਾ ਸੀ। ਉਸਦੀ ਚਰਬੀ ਖੁਰ ਕੇ ਪਿਸ਼ਾਬ ਰਾਹੀਂ ਬਾਹਰ ਆ ਰਹੀ ਸੀ। ਅੱਜ ਸ਼ੂਟਿੰਗ ਵਾਲੀ ਥਾਂ 'ਤੇ ਕਿਸ਼ੋਰ ਦਾ ਪੁੱਤਰ ਵੀ ਹਾਜ਼ਰ ਸੀ, ਜੋ ਯੂਨਿਟ ਵਿਚ ਹੀ ਅੱਜਕਲ ਕੰਮ ਕਰਦਾ ਹੈ। ਕਿਸ਼ੋਰ ਸ਼ਰਮਾ ਦੇ ਸਾਰੇ ਸਾਥੀ ਕਲਾਕਾਰਾਂ ਵਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।

Tags: ਕਿਸ਼ੋਰ ਸ਼ਰਮਾ Kishore Sharma ਨਿੱਕਾ ਜ਼ੈਲਦਾਰ Nikka Zaildar ਸਾਊ ਦਾਦਾ Sau Dadaji