FacebookTwitterg+Mail

ਸਿੱਖਿਆ ਮੰਤਰੀ ਨੇ ਕਲੋਹੀਆ ਦੀ ਨਿਯੁਕਤੀ ਨੂੰ ਸਹੀ ਠਹਿਰਾਇਆ

aruna chaudhary
05 March, 2018 01:49:44 PM

ਮੋਹਾਲੀ (ਨਿਆਮੀਆਂ) : ਪੰਜਾਬ ਦੀ ਸਿੱਖਿਆ ਮੰਤਰੀ ਅਰੁਣਾ ਚੌਧਰੀ ਨੇ ਮਨੋਹਰ ਕਾਂਤ ਕਲੋਹੀਆ ਦੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਵਜੋਂ ਨਿਯੁਕਤੀ ਨੂੰ ਸਹੀ ਠਹਿਰਾਇਆ ਹੈ । ਮੋਹਾਲੀ ਵਿਚ ਇਕ ਸਮਾਰੋਹ ਵਿਚ ਹਿੱਸਾ ਲੈਣ ਲਈ ਆਈ ਸਿੱਖਿਆ ਮੰਤਰੀ ਤੋਂ ਜਦੋਂ ਪੁੱਛਿਆ ਗਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਵ-ਨਿਯੁਕਤ ਚੇਅਰਮੈਨ ਸਿੱਖਿਆ ਮੰਤਰੀ ਦੇ ਗ੍ਰਹਿ ਜ਼ਿਲੇ ਤੋਂ ਹੈ, ਕੀ ਇਸ ਲਈ ਉਨ੍ਹਾਂ ਦੀ ਨਿਯੁਕਤੀ ਹੋਈ ਹੈ, ਤਾਂ ਮੰਤਰੀ ਨੇ ਕਿਹਾ ਕਿ ਅਜਿਹਾ ਬਿਲਕੁਲ ਨਹੀਂ ਹੈ । ਉਨ੍ਹਾਂ ਕਿਹਾ ਕਿ ਇਸ ਨਿਯੁਕਤੀ ਲਈ ਬਾਕਾਇਦਾ ਇਕ ਇਸ਼ਤਿਹਾਰ ਜਾਰੀ ਕੀਤਾ ਗਿਆ ਸੀ । ਉਸ ਵਿਚ ਲਿਖੇ ਨਿਯਮ, ਸ਼ਰਤਾਂ ਦੇ ਆਧਾਰ 'ਤੇ ਹੀ ਇਹ ਜ਼ਿੰਮੇਵਾਰੀ ਮਨੋਹਰ ਕਾਂਤ ਕਲੋਹੀਆ ਨੂੰ ਮਿਲੀ ਹੈ । ਉਨ੍ਹਾਂ ਕਿਹਾ ਕਿ ਕਲੋਹੀਆ ਇਕ ਤਜਰਬੇਕਾਰ ਅਧਿਕਾਰੀ ਰਹੇ ਹਨ ਤੇ ਉਹ ਬੋਰਡ ਨੂੰ ਉੱਚਾਈਆਂ 'ਤੇ ਲਿਜਾਣਗੇ । 
ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਸਕੂਲਾਂ ਵਿਚ ਸੈਲਫ ਪ੍ਰੀਖਿਆ ਕੇਂਦਰ ਨਾ ਬਣਾਉਣ ਦੇ ਬਾਵਜੂਦ ਵੀ ਨਕਲ ਹੋ ਰਹੀ ਹੈ ਤੇ ਪੰਜਾਬੀ ਵਰਗੇ ਵਿਸ਼ੇ ਵਿਚ ਵੀ ਨਕਲ ਦੇ 15 ਕੇਸ ਬਣੇ ਤਾਂ ਸਿੱਖਿਆ ਮੰਤਰੀ ਨੇ ਕਿਹਾ ਕਿ ਇਹ ਤਾਂ ਵਧੀਆ ਫੈਸਲਾ ਹੈ । ਕਈ ਸਕੂਲ ਅਜਿਹਾ ਕਰਦੇ ਸਨ ਕਿ ਉਹ ਬੱਚਿਆਂ ਨੂੰ ਪਾਸ ਕਰਵਾਉਣ ਲਈ ਰਿਸ਼ਵਤ ਲੈਂਦੇ ਸਨ । ਉਨ੍ਹਾਂ ਦਾ ਕੰਮ ਹੁਣ ਬੰਦ ਹੋ ਗਿਆ । ਨਕਲਬਾਜ਼ੀ ਘੱਟ ਹੋਈ ਹੈ। ਜਿਥੇ ਨਕਲ ਦੇ ਕੇਸ ਸਾਹਮਣੇ ਆ ਰਹੇ ਹਨ, ਉਥੇ ਕਾਰਵਾਈ ਕੀਤੀ ਜਾ ਰਹੀ ਹੈ । 
ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਜੰਗਲਾਤ ਵਿਭਾਗ ਤੇ ਅਨੁਸੂਚਿਤ ਜਾਤੀ ਵਿਭਾਗ ਦੇ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਐੱਸ. ਸੀ. ਬੱਚਿਆਂ ਦੀਆਂ ਕਿਤਾਬਾਂ ਦੇ ਕਰੋੜਾਂ ਰੁਪਏ ਸਰਕਾਰ ਵਲੋਂ ਅਜੇ ਤਕ ਅਦਾ ਨਾ ਕਰਨ 'ਤੇ ਕਿਹਾ ਹੈ ਕਿ ਜਦੋਂ ਇਹ ਰਾਸ਼ੀ ਸਰਕਾਰ ਉਨ੍ਹਾਂ ਨੂੰ ਦੇ ਦੇਵੇਗੀ ਤਾਂ ਇਹ ਸਿੱਖਿਆ ਵਿਭਾਗ ਨੂੰ ਦੇ ਦਿੱਤੀ ਜਾਵੇਗੀ, ਕੀ ਮੰਤਰੀ ਦੀ ਇਹ ਟਿੱਪਣੀ ਠੀਕ ਹੈ? ਤਾਂ ਉਨ੍ਹਾਂ ਕਿਹਾ ਕਿ ਇਹ ਰਾਸ਼ੀ ਸਮਾਜਿਕ ਸੁਰੱਖਿਆ ਵਿਭਾਗ ਤੋਂ ਸਿੱਖਿਆ ਵਿਭਾਗ ਨੂੰ ਦਿੱਤੀ ਜਾਣੀ ਹੈ । ਉਨ੍ਹਾਂ ਕਿਹਾ ਕਿ ਜਿਵੇਂ ਹੀ ਸਰਕਾਰ ਉਨ੍ਹਾਂ ਨੂੰ ਇਸ ਦਾ ਬਜਟ ਦੇਵੇਗੀ ਤਾਂ ਇਹ ਰਕਮ ਮਿਲ ਜਾਵੇਗੀ । ਸਕੂਲਾਂ ਵਿਚੋਂ ਫਾਲਤੂ ਸਟਾਫ ਨੂੰ ਬਦਲਣ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਇਹ ਕੰਮ ਲਗਭਗ ਪੂਰਾ ਹੋਣ ਵਾਲਾ ਹੈ ਤੇ ਛੇਤੀ ਹੀ ਇਸ ਨੂੰ ਲਾਗੂ ਕਰ ਦਿੱਤਾ ਜਾਵੇਗਾ ।


Tags: ਸਿੱਖਿਆ ਮੰਤਰੀਮਨੋਹਰ ਕਾਂਤ ਕਲੋਹੀਆ Education Minister Manohar Kant Chlohiya

Edited By

Babita

Babita is News Editor at Jagbani.