ਜਲੰਧਰ (ਮਹੇਸ਼) - ਰਾਏਪੁਰ ਫਰਾਲਾ (ਜਲੰਧਰ ਛਾਉਣੀ) ਵਿਚ ਬੱਬੂ ਮਾਨ ਦੇ ਅਖਾੜੇ ਦੌਰਾਨ ਇਕੱਤਰ ਹੋਈ ਹਜ਼ਾਰਾਂ ਲੋਕਾਂ ਦੀ ਭੀੜ ਨੂੰ ਕੰਟਰੋਲ 'ਚ ਰੱਖਣ ਲਈ ਏ. ਸੀ. ਪੀ. ਜਲੰਧਰ ਕੈਂਟ ਮੇਜਰ ਸਿੰਘ ਢੱਡਾ ਦੀ ਅਗਵਾਈ ਹੇਠ ਭਾਰੀ ਪੁਲਸ ਫੋਰਸ ਤਾਇਨਾਤ ਕੀਤੀ ਗਈ ਸੀ। ਭਾਵੇਂ ਕਿ ਬੱਬੂ ਮਾਨ ਦਾ ਪ੍ਰੋਗਰਾਮ ਸ਼ਾਮ 7 ਵਜੇ ਸ਼ੁਰੂ ਹੋਇਆ ਸੀ ਪਰ ਉਸ ਨੂੰ ਸੁਣਨ ਲਈ 3 ਵਜੇ ਤੋਂ ਹੀ ਭਾਰੀ ਭੀੜ ਜੁੜਣੀ ਸ਼ੁਰੂ ਹੋ ਗਈ ਸੀ।
ਪੁਲਸ ਨੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਹੋਏ ਸਨ ਪਰ ਇਸ ਦੇ ਬਾਵਜੂਦ ਵੀ ਨੌਜਵਾਨ ਪੀੜ੍ਹੀ ਬੱਬੂ ਮਾਨ ਦੀ ਸਟੇਜ ਵੱਲ ਵਧਦੀ ਜਾ ਰਹੀ ਸੀ, ਜਿਸ ਨੂੰ ਪੁਲਸ ਮੁਲਾਜ਼ਮਾਂ ਨੇ ਕਾਫੀ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਕੁਝ ਸ਼ਰਾਰਤੀ ਨੌਜਵਾਨਾਂ ਨੇ ਉਨ੍ਹਾਂ ਨੂੰ ਮੰਚ 'ਤੇ ਜਾਣ ਤੋਂ ਰੋਕਣ ਨੂੰ ਲੈ ਕੇ ਪੁਲਸ ਮੁਲਾਜ਼ਮਾਂ 'ਤੇ ਪਥਰਾਅ ਕਰਨਾ ਸ਼ੁਰੂ ਕਰ ਦਿੱਤਾ ਅਤੇ ਇਸ ਦੌਰਾਨ ਥਾਣਾ ਸਦਰ ਦੇ ਏ. ਐੱਸ. ਆਈ. ਨਰਿੰਦਰ ਮੋਹਨ ਦੀ ਲੱਤ ਅਤੇ ਹੱਥ 'ਤੇ ਡੁੰਘੀਆਂ ਸੱਟਾਂ ਲੱਗੀਆਂ। ਉਨ੍ਹਾਂ ਨੂੰ ਸਾਥੀ ਪੁਲਸ ਮੁਲਾਜ਼ਮ ਤੁਰੰਤ ਹਸਪਤਾਲ ਲੈ ਗਏ। ਥਾਣਾ ਸਦਰ ਦੀ ਪੁਲਸ ਨੇ ਪੁਲਸ 'ਤੇ ਹੋਏ ਪਥਰਾਅ ਨੂੰ ਲੈ ਕੇ ਕਈਆਂ 'ਤੇ ਆਈ. ਪੀ. ਸੀ. ਦੀ ਧਾਰਾ 353, 186, 332, 1148 ਤੇ 149 ਦੇ ਤਹਿਤ ਕੇਸ ਦਰਜ ਕਰ ਲਿਆ।
ਦੱਸਣਯੋਗ ਹੈ ਕਿ ਥਾਣਾ ਸਦਰ ਦੇ ਇੰਚਾਰਜ ਕਮਲਜੀਤ ਸਿੰਘ ਨੇ ਦੱਸਿਆ ਕਿ ਇਕ ਨੌਜਵਾਨ ਗੁਰਵਿੰਦਰ ਸਿੰਘ ਗਿੰਦਾ ਪੁੱਤਰ ਸਾਧੂ ਸਿੰਘ ਵਾਸੀ ਪਿੰਡ ਖਜੂਰਲਾ ਥਾਣਾ ਸਦਰ ਫਗਵਾੜਾ ਜ਼ਿਲਾ ਕਪੂਰਥਲਾ ਨੂੰ ਕਾਬੂ ਕਰ ਲਿਆ ਗਿਆ ਹੈ। ਉਸ ਨੂੰ ਮਾਣਯੋਗ ਅਦਾਲਤ ਨੇ ਜੁਡੀਸ਼ੀਅਲ ਰਿਮਾਂਡ 'ਤੇ ਜੇਲ ਭੇਜ ਦਿੱਤਾ ਹੈ।