ਜਲੰਧਰ (ਬਿਊਰੋ) — ਅੱਜ ਹੁਸ਼ਿਆਰਪੁਰ 'ਚ ਫਗਵਾੜਾ ਰੋਡ 'ਤੇ ਮਨਕੂ ਕੰਪੈਲਕਸ 'ਚ 'ਦਿ ਬੱਬੂ ਮਾਨ ਸਟੋਰ' ਦੀ ਓਪਨਿੰਗ ਸੈਰੇਮਨੀ ਪੰਜਾਬ ਦੇ ਨਾਮੀ ਗਾਇਕ ਬੱਬੂ ਮਾਨ ਵਲੋਂ ਕੀਤੀ ਗਈ। ਇਸ ਦੌਰਾਨ ਬੱਬੂ ਮਾਨ ਦੇ ਫੈਨਜ਼ ਉਨ੍ਹਾਂ ਨੂੰ ਦੇਖੇ ਬਿਨਾਂ ਨਾ ਰਹਿ ਸਕੇ। ਅੱਜ ਸਵੇਰ ਤੋਂ ਹੀ ਰੋਡ 'ਤੇ ਬੱਬੂ ਮਾਨ ਦੇ ਫੈਨਜ਼ ਦੀ ਭੀੜ ਇਕੱਠੀ ਹੋਣੀ ਸ਼ੁਰੂ ਹੋ ਗਈ। ਇਸ ਖਾਸ ਮੌਕੇ 'ਤੇ ਬੱਬੂ ਮਾਨ ਮੀਡੀਆ ਦੇ ਰੂ-ਬ-ਰੂ ਵੀ ਹੋਏ ਅਤੇ ਉਨ੍ਹਾਂ ਨੇ ਆਪਣੇ ਵਿਚਾਰ ਮੀਡੀਆ ਸਾਹਮਣੇ ਰੱਖੇ।

ਦੱਸ ਦਈਏ ਕਿ ਇਸ ਦੌਰਾਨ ਬੱਬੂ ਮਾਨ ਨੇ ਕਿਹਾ, ''ਮੈਂ ਮਜਦੂਰਾਂ ਤੇ ਕਿਸਾਨਾਂ ਦੇ ਹੱਕ 'ਚ ਹਾਂ। ਕੀ ਕਿਸਾਨ ਤੇ ਮਜਦੂਰ ਇਕ ਨਹੀਂ ਹੋ ਸਕਦੇ? ਇਕੋ ਫਰੰਟ ਹੋਵੇ ਤੇ ਇਕ ਹੀ ਲੀਡਰ ਹੋਵੇ। ਕਿਸਾਨਾਂ ਦੇ ਕਰਜੇ 'ਤੇ ਜਿਹੜੀ ਵੀ ਸਿਆਸੀ ਪਾਰਟੀ ਲੀਕ ਫੇਰੇਗੀ ਅਸੀਂ ਉਸ ਸਿਆਸੀ ਪਾਰਟੀ ਦੇ ਹੱਕ 'ਚ ਖੜ੍ਹੇ ਹੋਵੇਗਾ।''

ਇਸ ਤੋਂ ਇਲਾਵਾ ਬੱਬੂ ਮਾਨ ਨੇ ਕਿਹਾ, ''ਜ਼ਰੂਰੀ ਨਹੀਂ ਕਿ ਸਰਕਾਰ ਹਰ ਇਕ ਨੂੰ ਨੌਕਰੀ ਦੇਵੇ। ਲੋਕਾਂ ਨੂੰ ਸਵੈ ਕਿੱਤਾ ਅਪਨਾਉਣਾ ਚਾਹੀਦਾ ਹੈ। ਜਿਵੇਂ ਅਸੀਂ ਸੰਘਰਸ਼ ਕਰਦੇ ਉਂਝ ਹੀ ਹਰ ਬੰਦਾ ਸੰਘਰਸ਼ ਕਰੇ ਤਾਂ ਕੋਈ ਬੰਦਾ ਭੁੱਖਾ ਨਹੀਂ ਮਰਦਾ।'' ਪੰਜਾਬੀ ਭਾਸ਼ਾ 'ਤੇ ਬੋਲਦਿਆਂ ਬੱਬੂ ਮਾਨ ਨੇ ਕਿਹਾ ਕਿ, ''ਪੰਜਾਬ ਦੇ ਸਾਰੀ ਗੌਰਵੈਂਟ ਸਕੂਲਾਂ 'ਚ ਪੰਜਾਬੀ ਭਾਸ਼ਾ ਲਾਜ਼ਮੀ ਹੋਣੀ ਚਾਹੀਦੀ ਹੈ ਤੇ ਹਰੇਕ ਸਕੂਲ ਦੇ ਬਾਹਰ ਪੰਜਾਬੀ ਭਾਸ਼ਾ ਦਾ ਬੋਰਡ ਵੀ ਪੰਜਾਬੀ 'ਚ ਹੋਣਾ ਚਾਹੀਦਾ ਹੈ।''