ਜਲੰਧਰ (ਬਿਊਰੋ) - ਪੰਜਾਬੀ ਗਾਇਕ ਗੁਰਦਾਸ ਮਾਨ ਦੇ ਵਿਵਾਦ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਜਰਨਲ ਸਕੱਤਰ ਬਿਕਰਮ ਸਿੰਘ ਮਜੀਠੀਆ ਦਾ ਕਹਿਣਾ ਹੈ ਕਿ ਪੰਜਾਬੀ ਗਾਇਕੀ ਦੇ ਖੇਤਰ 'ਚ ਮਸ਼ਹੂਰ ਗਾਇਕ ਗੁਰਦਾਸ ਮਾਨ ਦੇ ਯੋਗਦਾਨ ਨੂੰ ਨਾ ਤਾਂ ਕੋਈ ਨਕਾਰ ਸਕਦਾ ਹੈ, ਨਾ ਹੀ ਕੋਈ ਭੁਲਾ ਸਕਦਾ ਹੈ। ਇਕ ਰਾਸ਼ਟਰ, ਇਕ ਭਾਸ਼ਾ 'ਤੇ ਬਿਆਨ ਤੋਂ ਬਾਅਦ ਵਿਵਾਦਾਂ ਦੇ ਘੇਰੇ 'ਚ ਆਏ ਗੁਰਦਾਸ ਮਾਨ 'ਤੇ ਪੁੱਛੇ ਗਏ ਇਕ ਸਵਾਲ ਦਾ ਜਵਾਬ ਦਿੰਦੇ ਹੋਏ ਮਜੀਠੀਆ ਨੇ ਕਿਹਾ ਕਿ ਮੈਂ ਗੁਰਦਾਸ ਮਾਨ ਦੀ ਬਹੁਤ ਇਜ਼ਤ ਕਰਦਾ ਹਾਂ ਕਿਉਂਕਿ ਉਨ੍ਹਾਂ ਨੇ ਅੱਜ ਤੱਕ ਪੰਜਾਬੀ ਨੂੰ ਹੀ ਉਤਸ਼ਾਹਿਤ ਕੀਤਾ ਹੈ।
ਇਸ ਤੋਂ ਇਲਾਵਾ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਪੰਜਾਬੀ ਸੰਸਕ੍ਰਿਤੀ ਅਤੇ ਪੰਜਾਬੀ ਗਾਇਕੀ ਨੂੰ, ਜੋ ਮੁਕਾਮ ਅਤੇ ਇੱਜ਼ਤ ਉਨ੍ਹਾਂ ਨੇ ਦਿੱਤਾ ਹੈ, ਉਸ 'ਚ ਕੋਈ ਸ਼ੱਕ ਹੀ ਨਹੀਂ ਹੈ। ਗੁਰਦਾਸ ਮਾਨ ਨੇ ਕੀ ਕਿਹਾ, ਕਿਵੇਂ ਕਿਹਾ, ਇਸ ਦਾ ਸਪੱਸ਼ਟੀਕਰਨ ਤਾਂ ਉਹੀ ਦੇ ਸਕਦੇ ਹਨ ਪਰ ਉਨ੍ਹਾਂ ਦਾ ਅੱਜ ਤੱਕ ਪੰਜਾਬੀ ਪ੍ਰਤੀ ਜੋ ਯੋਗਦਾਨ ਰਿਹਾ ਹੈ, ਉਸ ਨੂੰ ਨਕਾਰਿਆ ਨਹੀਂ ਜਾ ਸਕਦਾ। ਮਜੀਠੀਆ ਨੇ ਕਿਹਾ ਕਿ ਜਦੋਂ ਅਸੀਂ ਸਕੂਲ-ਕਾਲਜ 'ਚ ਸਨ, ਤਾਂ ਗੁਰਦਾਸ ਮਾਨ ਨੂੰ ਪੰਜਾਬੀ ਮਾਂ ਬੋਲੀ, ਪੰਜਾਬੀ ਮਾਂ ਬੋਲੀ ਹੀ ਦੁਹਰਾਉਂਦੇ ਸੁਣਿਆ ਹੈ। ਇਸ ਲਈ ਜੋ ਚੀਜ਼ ਮੈਂ ਹਮੇਸ਼ਾ ਸੁਣਦਾ ਆਇਆ ਹਾਂ, ਮੇਰੇ ਦਿਮਾਗ 'ਚ ਤਾਂ ਉਹੀ ਰਚਿਆ-ਵਸਿਆ ਹੈ। ਹੁਣ ਜੇਕਰ ਕੋਈ ਨਵੀਂ ਗੱਲ ਗੁਰਦਾਸ ਮਾਨ ਨੇ ਕਹੀ ਹੈ ਤਾਂ ਇੰਨਾ ਹੀ ਕਹਿ ਸਕਦਾ ਹਾਂ ਕਿ ਜਾਂ ਤਾਂ ਸਾਡੇ ਸਮਝਣ 'ਚ ਕੋਈ ਫਰਕ ਰਹਿ ਗਿਆ ਹੈ, ਜਾਂ ਉਨ੍ਹਾਂ ਦੇ ਕਹਿਣ 'ਚ ਕੋਈ ਫਰਕ ਰਹਿ ਗਿਆ ਹੈ।
ਗ੍ਰਹਿ ਮੰਤਰੀ ਦੇ ਚੁੱਕੇ ਹਨ ਸਪਸ਼ਟੀਕਰਨ, ਬੇਵਜ੍ਹਾ ਵਿਵਾਦ ਦੀ ਲੋੜ ਨਹੀਂ
ਮਜੀਠੀਆ ਨੇ ਕਿਹਾ ਕਿ ਪੰਜਾਬ 'ਚ ਪੰਜਾਬੀ ਮਾਂ ਬੋਲੀ ਹੈ, ਪਹਿਲੀ ਭਾਸ਼ਾ ਹੈ ਅਤੇ ਇਸ 'ਚ ਕੋਈ ਸਮਝੌਤਾ ਨਹੀਂ ਹੈ। ਇਸ 'ਤੇ ਸ਼੍ਰੋਮਣੀ ਅਕਾਲੀ ਦਲ ਦਾ ਸਟੈਂਡ ਵੀ ਪੂਰੀ ਤਰ੍ਹਾਂ ਸਪੱਸ਼ਟ ਹੈ ਅਤੇ ਕੋਈ ਪਰ-ਪਰ ਨਹੀਂ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਇਸ ਮਾਮਲੇ 'ਤੇ ਆਪਣੇ ਬਿਆਨ ਨੂੰ ਸਪੱਸ਼ਟ ਅਤੇ ਦਰੁਸਤ ਕਰ ਦਿੱਤਾ ਹੈ।