ਜਲੰਧਰ (ਜਤਿੰਦਰ, ਭਾਰਦਵਾਜ)-ਜ਼ਿਲ੍ਹਾ ਸੈਸ਼ਨ ਜੱਜ ਰੁਪਿੰਦਰਜੀਤ ਕੌਰ ਚਾਹਲ ਦੀ ਅਦਾਲਤ ’ਚ ਤੱਤਕਾਲੀ ਆਈ. ਏ. ਐੱਸ. ਸਵਰਨ ਸਿੰਘ ਅਤੇ ਤਿੰਨ ਹੋਰਨਾਂ ਵਿਰੁੱਧ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਪ੍ਰਸਿੱਧ ਬਾਲੀਵੁੱਡ ਗਾਇਕ ਉਦਿਤ ਨਾਰਾਇਣ ਵੱਲੋਂ ਅੱਜ ਅਦਾਲਤ ’ਚ ਗਵਾਹੀ ਰਿਕਾਰਡ ਕੀਤੀ ਗਈ। ਉਨ੍ਹਾਂ ਨੇ ਆਪਣੀ ਗਵਾਹੀ ’ਚ ਕਿਹਾ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਦੇ ਸ਼ਤਾਬਦੀ ਸਮਾਗਮ ’ਚ ਉਨ੍ਹਾਂ ਨੇ ਆਪਣਾ ਪ੍ਰੋਗਰਾਮ ਪੇਸ਼ ਕੀਤਾ ਸੀ, ਜਿਸ ਲਈ ਉਨ੍ਹਾਂ ਨੂੰ ਇਕ ਲੱਖ ਰੁਪਏ ਦਾ ਭੁਗਤਾਨ ਜੀ. ਐੱਮ. ਇੰਟਰਪ੍ਰਾਈਜ਼ਿਜ਼ ਮਿਊਜ਼ਿਕ ਕੰਪਨੀ ਵੱਲੋਂ ਕੀਤਾ ਗਿਆ ਸੀ। ਅਦਾਲਤ ਨੇ ਇਸ ਮਾਮਲੇ ’ਚ ਬਾਕੀ ਗਵਾਹਾਂ ਦੀ ਗਵਾਹੀ ਲਈ ਮਾਮਲੇ ਦੀ ਸੁਣਵਾਈ 29 ਸਤੰਬਰ 2021 ਤੱਕ ਲਈ ਮੁਲਤਵੀ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਪੰਜ ਪਿਆਰਿਆਂ ਵਾਲੇ ਬਿਆਨ ਨੂੰ ਲੈ ਕੇ ਹਰੀਸ਼ ਰਾਵਤ ’ਤੇ ਸੁਖਬੀਰ ਬਾਦਲ ਦਾ ਵੱਡਾ ਹਮਲਾ
ਇਥੇ ਜ਼ਿਕਰਯੋਗ ਹੈ ਕਿ 26 ਮਾਰਚ 2011 ਨੂੰ ਵਿਜੀਲੈਂਸ ਪੁਲਸ ਵੱਲੋਂ ਥਾਣਾ ਵਿਜੀਲੈਂਸ ਜਲੰਧਰ ’ਚ ਉਸ ਵੇਲੇ ਜਲੰਧਰ ਦੇ ਡਵੀਜ਼ਨਲ ਕਮਿਸ਼ਨਰ ਸਵਰਨ ਸਿੰਘ (ਸਾਬਕਾ ਆਈ. ਏ. ਐੱਸ.) ਅਤੇ ਪੰਜਾਬ ਕਲਾ ਪ੍ਰੀਸ਼ਦ ਦੇ ਸੰਜੈ ਗਿਰੀ, ਸਤਵੀਰ ਸਿੰਘ ਬਾਜਵਾ, ਵਿਕਾਸ ਮਹਿਰਾ, ਇਨ੍ਹਾਂ ਚਾਰਾਂ ਵਿਰੁੱਧ ਸਰਕਾਰੀ ਫੰਡਾਂ ਦਾ ਹੇਰ-ਫੇਰ ਕਰਨ ਦੇ ਦੋਸ਼ ’ਚ ਧਾਰਾ 420, 471, 468, 120 ਬੀ,13 (1) ਡੀ .ਪੀ .ਸੀ. ਐਕਟ ਅਧੀਨ ਕੇਸ ਦਰਜ ਕੀਤਾ ਗਿਆ ਸੀ।