ਜਲੰਧਰ (ਵੈੱਬ ਡੈਸਕ) - 'ਕੋਰੋਨਾ ਵਾਇਰਸ' ਦੇ ਕਹਿਰ ਦੁਨੀਆਂ ਭਰ ਵਿਚ ਜ਼ਾਰੀ ਹੈ ਅਤੇ ਕਈ ਲੋਕ ਇਸ ਨਾ-ਮੁਰਾਦ ਬਿਮਾਰੀ ਦਾ ਸ਼ਿਕਾਰ ਹੋ ਚੁੱਕੇ ਹਨ । ਭਾਰਤ ਵਿਚ ਵੀ ਇਸ ਬਿਮਾਰੀ ਨੇ ਆਪਣੇ ਪੈਰ ਪਸਾਰ ਲਏ ਹਨ, ਜਿਸ ਤੋਂ ਬਾਅਦ ਗਰੀਬ ਲੋਕਾਂ ਲਈ ਕਾਫੀ ਮੁਸ਼ਿਕਲਾਂ ਖੜ੍ਹੀਆਂ ਹੋ ਰਹੀਆਂ ਹਨ। ਲੋਕਾਂ ਦੀ ਇਸ ਮੁਸ਼ਕਿਲ ਘੜੀ ਵਿਚ ਪੰਜਾਬੀ ਸਿਤਾਰੇ ਅੱਗੇ ਆ ਰਹੇ ਹਨ ਅਤੇ ਉਨ੍ਹਾਂ ਨੂੰ ਜ਼ਰੂਰਤ ਦੀਆਂ ਚੀਜ਼ਾਂ ਵੰਡ ਰਹੇ ਹਨ। ਹਾਲ ਵਿਚ ਅੰਮ੍ਰਿਤ ਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਵੀਡੀਓ ਪੋਸਟ ਕੀਤੀ ਹੈ, ਜਿਸ ਵਿਚ ਉਹ ਪਿੰਡ ਵਾਸੀਆਂ ਨੂੰ ਰਾਸ਼ਨ ਵੰਡਦੇ ਨਜ਼ਰ ਆ ਰਹੇ ਹਨ।
ਇਸ ਵੀਡੀਓ ਨੂੰ ਪੋਸਟ ਕਰਦਿਆਂ ਅੰਮ੍ਰਿਤ ਮਾਨ ਨੇ ਲਿਖਿਆ- ''ਮੇਰੇ ਪਿੰਡ ਗੋਨਿਆਣਾ ਦੇ ਲੋੜਵੰਦ ਪਰਿਵਾਰਾਂ ਨੂੰ ਜ਼ਰੂਰੀ ਰਾਸ਼ਨ ਵੰਡਿਆ ਗਿਆ। ਹਾਲੇ ਜਿਹੜੇ ਪਰਿਵਾਰ ਰਹਿ ਗਏ ਹਨ, ਉਨ੍ਹਾਂ ਦੇ ਨਾਂ ਨੋਟ ਕਰ ਲਾਏ ਗਏ ਹਨ ਅਤੇ ਅਗਲੀ ਜਾਣਕਾਰੀ ਜਲਦ ਦਿੰਦੇ ਹਾਂ। ਜਲਦ ਹੀ ਉਨ੍ਹਾਂ ਘਰ ਰਾਸ਼ਨ ਅਤੇ ਸਮਾਨ ਮੁਹਇਆ ਕਾਰਵਾਂਗੇ। ਮਿਲ ਕੇ ਇਸ ਮੁਸੀਬਤ ਦੀ ਘੜੀ ਵਿਚ ਲੜਾਂਗੇ।
ਇਸ ਤੋਂ ਇਲਾਵਾ ਗਗਨ ਕੋਕਰੀ ਨੇ ਆਪਣੇ ਪਿੰਡ ਵਾਸੀਆਂ ਨੂੰ ਰਾਸ਼ਨ ਵੰਡਿਆ, ਜਿਸ ਦੀ ਵੀਡੀਓ ਉਨ੍ਹਾਂ ਨੇ ਸੋਸ਼ਲ ਅਕਾਊਂਟ 'ਤੇ ਪੋਸਟ ਕੀਤੀ ਹੈ।
ਗਾਇਕ ਅਤੇ ਅਦਾਕਾਰ ਨਿੰਜਾ ਨੇ ਵੀ 'ਕੋਰੋਨਾ ਵਾਇਰਸ' ਦੀ ਮਾਰ ਝੱਲ ਰਹੇ ਗਰੀਬ ਲੋਕਾਂ ਨੂੰ ਰਾਸ਼ਨ ਤੇ ਜ਼ਰੂਰੀ ਵਸਤਾਂ ਵੰਡ ਕੇ ਉਨ੍ਹਾਂ ਦੀ ਮਦਦ ਕੀਤੀ।
ਦੱਸਣਯੋਗ ਹੈ ਕਿ ਬੀਤੇ ਪੂਰੇ ਹਫਤੇ ਤੋਂ ਦੇਸ਼ਭਰ ਨੂੰ 21 ਦਿਨਾਂ ਲਈ 'ਲੌਕਡਾਊਨ' ਕੀਤਾ ਹੋਇਆ ਹੈ। ਪੰਜਾਬ ਸਰਕਾਰ ਨੇ ਸੂਬੇ ਵਿਚ ਕਰਫਿਊ ਲਾਇਆ ਹੋਇਆ ਹੈ, ਜਿਸ ਦੇ ਚਲਦਿਆ ਆਮ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਭ ਤੋਂ ਜ਼ਿਆਦਾ ਉਨ੍ਹਾਂ ਲੋਕਾਂ ਨੂੰ ਮੁਸ਼ਕਿਲਾਂ ਆ ਰਹੀਆਂ ਹਨ, ਜਿਹੜੇ ਰੋਜ਼ਾਨਾ ਦਿਹਾੜੀ ਕਰਕੇ ਆਪਣੇ ਘਰ ਦਾ ਚੁੱਲ੍ਹਾ ਜਲਾਉਂਦੇ ਹਨ।