FacebookTwitterg+Mail

ਪਰਮੀਸ਼ ਵਰਮਾ ਨੂੰ ਗੋਲੀ ਮਾਰਨ ਵਾਲੇ ਗੈਂਗਸਟਰ ਬਾਬਾ ਨੂੰ ਲੁੱਟ ਦੇ ਕੇਸ 'ਚ ਪ੍ਰੋਡਕਸ਼ਨ ਵਾਰੰਟ 'ਤੇ ਲਿਆਈ ਪੁਲਸ

gangster dilpreet baba and parmish verma
13 April, 2019 09:08:05 AM

ਜਲੰਧਰ (ਬਿਊਰੋ) — ਮਸ਼ਹੂਰ ਪੰਜਾਬੀ ਗਾਇਕ ਪਰਮੀਸ਼ ਵਰਮਾ ਨੂੰ ਗੋਲੀ ਮਾਰਨ ਵਾਲੇ ਏ ਕੈਟਾਗਿਰੀ ਦੇ ਗੈਂਗਸਟਰ ਦਿਲਪ੍ਰੀਤ ਬਾਬਾ ਨੂੰ ਜਲੰਧਰ ਪੁਲਸ ਪ੍ਰੋਡਕਸ਼ਨ ਵਾਰੰਟ 'ਤੇ ਲਿਆਈ ਹੈ। ਪੁਲਸ ਨੂੰ ਸ਼ੱਕ ਹੈ ਕਿ ਮਾਰਚ 2018 ਨੂੰ ਜੰਡਿਆਲਾ ਕੋਲ ਗੰਨ ਪੁਆਇੰਟ 'ਤੇ ਹੋਈ ਮਨੀ ਐਕਸਚੇਂਜ 'ਚ ਲੁੱਟ ਦਿਲਪ੍ਰੀਤ ਬਾਬਾ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਕੀਤੀ ਸੀ। ਬਾਬੇ ਨੂੰ ਪੁੱਛਗਿੱਛ ਲਈ ਦੋ ਦਿਨ ਦੇ ਪੁਲਸ ਰਿਮਾਂਡ ਲਿਆ ਗਿਆ ਹੈ। ਦਿਲਪ੍ਰੀਤ ਬਾਬਾ ਮੂਲ ਤੌਰ 'ਤੇ ਮਹਾਰਾਸ਼ਟਰ ਦੇ ਨਾਂਦੇੜ ਦੇ ਰਹਿਣ ਵਾਲੇ ਗੈਂਗਸਟਰ ਰਿੰਦਾ ਦਾ ਕਾਫੀ ਕਰੀਬੀ ਹੈ। ਬਾਬੇ ਦੇ ਖਿਲਾਫ ਪੰਜਾਬ, ਹਰਿਆਣਾ, ਮਹਾਰਾਸ਼ਟਰ ਵਿਚ ਕਰੀਬ 30 ਕੇਸ ਦਰਜ ਹਨ। ਜਿਨ੍ਹਾਂ ਵਿਚੋਂ 3 ਕੇਸ ਮਰਡਰ ਤੇ 9 ਇਰਾਦਾ ਏ ਕਤਲ ਦੇ ਕੇਸ ਸ਼ਾਮਲ ਹਨ। ਪੁਲਸ ਤੋਂ ਬਚਣ ਲਈ ਬਾਬਾ ਕਾਫੀ ਸਮੇਂ ਤੋਂ ਭੇਸ ਬਦਲ ਕੇ ਰਹਿ ਰਿਹਾ ਸੀ। ਉਸਨੇ ਇਕ ਸਰਪੰਚ ਨੂੰ ਗੋਲੀਆਂ ਵੀ ਮਾਰੀਆਂ ਸਨ ਤੇ ਇਸ ਵਾਰਦਾਤ ਵਿਚ ਗੈਂਗਸਟਰ ਰਿੰਕਾ ਵੀ ਸ਼ਾਮਲ ਸੀ। ਪਰਮੀਸ਼ ਵਰਮਾ ਨੂੰ ਗੋਲੀ ਮਾਰ ਕੇ ਬਾਬਾ ਨੇ ਸੋਸ਼ਲ ਮੀਡੀਆ 'ਤੇ ਖੁਦ ਹੀ ਗੁਨਾਹ ਕਬੂਲ ਕਰ ਲਿਆ ਸੀ ਜਿਸ ਤੋਂ ਬਾਅਦ ਪੰਜਾਬ ਪੁਲਸ ਬਾਬੇ ਦੀ ਭਾਲ ਕਰ ਰਹੀ ਸੀ। ਪੁਲਸ ਤੋਂ ਬਚਣ ਲਈ ਬਾਬੇ ਨੂੰ ਆਪਣੇ ਪਿਤਾ ਦੇ ਅੰਤਿਮ ਸੰਸਕਾਰ ਵਿਚ ਸ਼ਾਮਲ ਹੋਣ ਲਈ ਦਾੜ੍ਹੀ ਤੱਕ ਕਟਵਾਉਣੀ ਪਈ ਸੀ।


ਜਲੰਧਰ ਪੁਲਸ ਦੀ ਮੰਨੀਏ ਤਾਂ ਦਿਲਪ੍ਰੀਤ ਬਾਬਾ ਨੇ 23 ਮਾਰਚ 2018 ਵਿਚ ਜੰਡਿਆਲਾ ਬੱਸ ਸਟੈਂਡ ਕੋਲ ਅੰਮ੍ਰਿਤ ਇੰਟਰਪ੍ਰਾਈਜ਼ਿਜ਼ ਦੇ ਮਾਲਕ ਤਰਸੇਮ ਸਿੰਘ ਨੂੰ ਘਰ ਜਾਂਦੇ ਸਮੇਂ ਆਪਣੇ ਦੋ ਸਾਥੀਆਂ ਨਾਲ ਮਿਲ ਕੇ ਘੇਰ ਲਿਆ ਸੀ। ਗੰਨ ਪੁਆਇੰਟ 'ਤੇ ਤਰਸੇਮ ਸਿੰਘ ਕੋਲੋਂ ਨਕਦੀ ਵਾਲਾ ਬੈਗ ਖੋਹ ਲਿਆ, ਜਿਸ ਵਿਚ 2.50 ਲੱਖ ਦੀ ਨਕਦੀ ਸੀ। ਪੁਲਸ ਨੇ ਪਹਿਲਾਂ ਇਸ ਕੇਸ ਵਿਚ ਤਿੰਨ ਅਣਪਛਾਤੇ ਲੋਕਾਂ ਨੂੰ ਨਾਮਜ਼ਦ ਕੀਤਾ ਸੀ ਪਰ ਬਾਅਦ ਵਿਚ ਪੁਲਸ ਦੇ ਕੋਲ ਆਏ ਇਨਪੁਟ ਦੇ ਕਾਰਨ ਦਿਲਪ੍ਰੀਤ ਬਾਬਾ ਤੇ ਉਸਦੇ ਦੋ ਸਾਥੀਆਂ ਨੂੰ ਨਾਮਜ਼ਦ ਕਰ ਲਿਆ। ਦਿਲਪ੍ਰੀਤ ਦੀ ਇਸ ਕੇਸ ਵਿਚ ਕੀ ਭੂਮਿਕਾ ਹੈ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਦਿਲਪ੍ਰੀਤ ਬਾਬਾ ਨੂੰ ਸੀ. ਆਈ. ਏ. ਸਟਾਫ ਵਿਚ ਰੱਖਿਆ ਗਿਆ ਹੈ।


ਹਾਲਾਂਕਿ ਤਰਸੇਮ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਇਹ ਵੀ ਕਿਹਾ ਸੀ ਕਿ ਜੇਕਰ ਲੁਟੇਰੇ ਉਸਦੇ ਸਾਹਮਣੇ ਆਉਣ ਤਾਂ ਉਹ ਉਨ੍ਹਾਂ ਨੂੰ ਪਛਾਣ ਸਕਦਾ ਹੈ। ਇਸ ਵਾਰਦਾਤ ਸਮੇਂ ਲੁਟੇਰੇ ਆਪਣਾ ਇਕ ਪਿਸਟਲ ਮੌਕੇ 'ਤੇ ਛੱਡ ਕੇ ਭੱਜ ਗਏ ਸਨ ਪਰ ਬਾਅਦ ਵਿਚ ਉਹ ਨਕਲੀ ਨਿਕਲਿਆ। ਥਾਣਾ ਸਦਰ ਵਿਚ ਲੁਟੇਰਿਆਂ ਖਿਲਾਫ ਐੱਫ. ਆਈ. ਆਰ. ਨੰਬਰ 49 ਤਰੀਕ 24.3.2018 ਨੂੰ ਦਰਜ ਕੀਤੀ ਗਈ ਸੀ। ਉਧਰ ਸੀ. ਆਈ. ਏ. ਸਟਾਫ ਦੇ ਇੰਚਾਰਜ ਹਰਮਿੰਦਰ ਸਿੰਘ ਦਾ ਕਹਿਣਾ ਹੈ ਕਿ ਬਾਬਾ ਨੂੰ ਦੋ ਦਿਨ ਦੇ ਰਿਮਾਂਡ 'ਤੇ ਲਿਆ ਗਿਆ ਹੈ। ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਲੁੱਟ ਦਾ ਕੇਸ ਦਰਜ ਕਰਵਾਉਣ ਵਾਲੇ ਤਰਸੇਮ ਸਿੰਘ ਨੂੰ ਬਾਬੇ ਦੇ ਸਾਹਮਣੇ ਬਿਠਾਇਆ ਜਾਵੇਗਾ ਤਾਂ ਜੋ ਪਤਾ ਲੱਗ ਸਕੇ ਕਿ ਉਹ ਇਸ ਕਾਂਡ ਵਿਚ ਸ਼ਾਮਲ ਸੀ ਜਾਂ ਨਹੀਂ। ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਕਮਿਸ਼ਨਰੇਟ ਪੁਲਸ ਨੂੰ ਬਾਬਾ ਕਿਸੇ ਹੋਰ ਕੇਸ ਵਿਚ ਤਾਂ ਲੋੜੀਂਦਾ ਹੈ ਜਾਂ ਨਹੀਂ। ਕੁਝ ਸਮਾਂ ਪਹਿਲਾਂ ਵੀ ਜਲੰਧਰ ਰੂਰਲ ਪੁਲਸ ਵੀ ਦਿਲਪ੍ਰੀਤ ਬਾਬੇ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਕੇ ਪੁੱਛਗਿੱਛ ਕਰ ਚੁੱਕੀ ਹੈ।

ਇੰਸਪੈਕਟਰ ਸ਼ਿਵ ਕੁਮਾਰ ਦੇ ਇਨਪੁਟ ਨਾਲ ਫੜਿਆ ਸੀ ਬਾਬਾ

ਦੱਸਣਯੋਗ ਹੈ ਕਿ ਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ ਨੂੰ ਜਲੰਧਰ ਰੂਰਲ ਪੁਲਸ ਦੇ ਸੀ. ਆਈ. ਏ. ਸਟਾਫ ਇੰਚਾਰਜ ਇੰਸਪੈਕਟਰ ਸ਼ਿਵ ਕੁਮਾਰ ਵਲੋਂ ਇਨਪੁਟ ਨਾਲ ਫੜਿਆ ਗਿਆ ਸੀ। ਜਿਸ ਸਮੇਂ ਚੰਡੀਗੜ੍ਹ ਦੇ ਬੱਸ ਸਟੈਂਡ 'ਤੇ ਦਿਲਪ੍ਰੀਤ ਬਾਬੇ ਦੇ ਆਉਣ ਦੀ ਜਾਣਕਾਰੀ ਮਿਲੀ ਤਾਂ ਇੰਸਪੈਕਟਰ ਸ਼ਿਵ ਕੁਮਾਰ ਸਮੇਤ ਪੰਜਾਬ ਪੁਲਸ ਦੇ ਇੰਟੈਲੀਜੈਂਸ ਵਿੰਗ ਦੀ ਟੀਮ ਨੇ ਬਾਬੇ ਨੂੰ ਘੇਰ ਲਿਆ ਸੀ। ਪੁਲਸ ਦੀ ਗੋਲੀ ਲੱਗਣ ਨਾਲ ਬਾਬਾ ਜ਼ਖਮੀ ਵੀ ਹੋ ਗਿਆ ਸੀ। ਦਿਲਪ੍ਰੀਤ ਬਾਬਾ ਪੰਜਾਬੀ ਸਿੰਗਰ ਗਿੱਪੀ ਗਰੇਵਾਲ ਸਮੇਤ ਹੋਰ ਪੰਜਾਬੀ ਗਾਇਕਾਂ ਨੂੰ ਫਿਰੌਤੀ ਲਈ ਵੀ ਧਮਕਾ ਚੁੱਕਾ ਹੈ।
 


Tags: Parmish VermaPunjab Gangster Dilpreet Baba

Edited By

Sunita

Sunita is News Editor at Jagbani.